ਚੰਡੀਗੜ੍ਹ ਵਿਚ ਪਾਰਟੀ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ : ਡਾ. ਦਲਜੀਤ ਸਿੰਘ ਚੀਮਾ 

ਚੰਡੀਗੜ੍ਹ, 4 ਫਰਵਰੀ 2025 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਕਿਹਾ ਕਿ ਚੰਡੀਗੜ੍ਹ ਵਿਚ ਪਾਰਟੀ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਮੈਂਬਰਸ਼ਿਪ ਭਰਤੀ ਨੂੰ ਲੈ ਕੇ ਲੋਕਾਂ ਵਿਚ ਭਰਵਾਂ ਉਤਸ਼ਾਹ ਹੈ। ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਸ ਸਬੰਧੀ ਚੰਡੀਗੜ੍ਹ ਇਕਾਈ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ, ਜੋ ਕਿ ਪਾਰਟੀ ਦੇ ਸ਼ਹਿਰ ਵਿਚ ਭਰਤੀ ਮੁਹਿੰਮ ਦੇ ਇੰਚਾਰਜ ਤੇ ਆਬਜ਼ਰਵਰ ਹਨ, ਨੇ ਸ਼੍ਰੋਮਣੀ ਅਕਾਲੀ ਦਲ ਅਤੇ ਖਿੱਤੇ ਵਿਚ ਇਸਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਚੰਡੀਗੜ੍ਹ ਦੀ ਟੀਮ ਦੇ ਹਰ ਮੈਂਬਰ ਲਈ ਇਹ ਲਾਜ਼ਮੀ ਹੈ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਸ਼ਹਿਰ ਤੇ ਇਸਦੇ ਪਿੰਡਾਂ ਵਿਚ ਘਰ ਘਰ ਕੇ ਲੈ ਕੇ ਜਾਣ ਤੇ ਮੈਂਬਰਸ਼ਿਪ ਮੁਹਿੰਮ ਨੂੰ ਸਫਲ ਬਣਾਉਣ। ਇਸ ਮੌਕੇ ਆਬਜ਼ਰਵਰ ਸਰਦਾਰ ਪਰਮਿੰਦਰ ਸਿੰਘ ਸੋਹਣਾ ਤੇ ਸਰਦਾਰ ਚਰਨਜੀਤ ਸਿੰਘ ਵਿੱਲੀ ਵੀ ਹਾਜ਼ਰ ਸਨ।