ਅਮਰੀਕਾ ’ਚੋਂ 18 ਹਜ਼ਾਰ ਭਾਰਤੀਆਂ ਨੂੰ ਕਢਿਆ ਜਾ ਸਕਦਾ ਹੈ : ਡੋਨਾਲਡ ਟਰੰਪ

ਵਾਸ਼ਿੰਗਟਨ, 15 ਦਸੰਬਰ 2024 : ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹੀ ਭਾਰਤੀ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਥੋਂ ਕਰੀਬ 18 ਹਜ਼ਾਰ ਭਾਰਤੀਆਂ ਨੂੰ ਕਢਿਆ ਜਾ ਸਕਦਾ ਹੈ। ਇਹ ਸਾਰੇ ਲੋਕ ਗ਼ੈਰ-ਕਾਨੂੰਨੀ ਪਰਵਾਸੀ ਹਨ, ਜਿਨ੍ਹਾਂ ਕੋਲ ਅਮਰੀਕਾ ਦੀ ਨਾਗਰਿਕਤਾ ਨਹੀਂ ਹੈ ਅਤੇ ਉਨ੍ਹਾਂ ਕੋਲ ਉਥੋਂ ਦੀ ਨਾਗਰਿਕਤਾ ਹਾਸਲ ਕਰਨ ਲਈ ਸਹੀ ਕਾਗ਼ਜ਼ਾਤ ਨਹੀਂ ਹਨ। ਦਰਅਸਲ ਅਮਰੀਕਾ ਵਿਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨਜਿੱਠਣ ਵਾਲੀ ਸਰਕਾਰੀ ਏਜੰਸੀ (ਆਈ. ਸੀ. ਈ.) ਨੇ ਲਗਭਗ 15 ਲੱਖ ਲੋਕਾਂ ਦੀ ਸੂਚੀ ਬਣਾਈ ਹੈ ਜੋ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਹੇ ਹਨ। ਇਸ ਸੂਚੀ ਵਿਚ 18 ਹਜ਼ਾਰ ਭਾਰਤੀ ਵੀ ਸ਼ਾਮਲ ਹਨ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਿਵੇਂ ਹੀ ਉਹ ਅਹੁਦੇ ਦੀ ਸਹੁੰ ਚੁਕਣਗੇ, ਸੱਭ ਤੋਂ ਪਹਿਲਾਂ ਉਹ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕਢਣਗੇ। ਇਸ ਮਾਮਲੇ ’ਚ ਆਈਸੀਈ ਨੇ ਕਿਹਾ ਕਿ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਭੇਜਣਾ ਟਰੰਪ ਦੇ ਸੀਮਾ ਸੁਰੱਖਿਆ ਏਜੰਡੇ ਦਾ ਹਿੱਸਾ ਹੈ। ਆਈਸੀਈ ਦੇ ਅੰਕੜਿਆਂ ਅਨੁਸਾਰ ਅਮਰੀਕਾ ਵਿਚ 17,940 ਭਾਰਤੀ ਗ਼ੈਰ-ਕਾਨੂੰਨੀ ਪ੍ਰਵਾਸੀ ਹਨ। ਨਾਲ ਹੀ, ਇਨ੍ਹਾਂ ਲੋਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਕਾਰਨ ਜੇਲ ਨਹੀਂ ਹੋਈ। ਉਹ ਕਾਗ਼ਜ਼ੀ ਕਾਰਵਾਈ ਦੀ ਲੰਬੀ ਪ੍ਰਕਿਰਿਆ ਵਿਚ ਫਸੇ ਹੋਏ ਹਨ।