ਜਲੰਧਰ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਗਿਰੋਹ ਦਾ ਪਰਦਾਫਾਸ਼, 10 ਕਿਲੋ ਹੈਰੋਇਨ ਸਮੇਤ 4 ਵਿਅਕਤੀ ਕੀਤੇ ਗ੍ਰਿਫ਼ਤਾਰ 

ਜਲੰਧਰ, 16 ਸਤੰਬਰ 2024 : ਸਰਹੱਦੀ ਨਸ਼ਾ ਤਸਕਰੀ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ (ਸੀਆਈਏ ਸਟਾਫ਼) ਵੱਲੋਂ ਅੰਤਰਰਾਸ਼ਟਰੀ ਨਸ਼ਾ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਓਨ੍ਹਾਂ ਕੋਲੋਂ 10 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਨਸ਼ਿਆਂ ਦੀ ਤਸਕਰੀ ਲਈ ਡਰੋਨ ਦਾ ਇਸਤੇਮਾਲ ਕੀਤਾ ਜਾਂਦਾ ਸੀ, ਦੋਸ਼ੀਆਂ ਦੇ ਪਾਕਿ-ਅਧਾਰਿਤ ਤਸਕਰਾਂ ਨਾਲ ਸੰਬੰਧ ਸਨ। ਇਸ ਤੋਂ ਪਹਿਲਾਂ ਵੀ ਇਕ ਵਿਅਕਤੀ ਨੂੰ 1 ਕਿਲੋ ਹੈਰੋਇਨ ਅਤੇ 4 ਲੱਖ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਮਾਮਲੇ ਬਾਰੇ ਆਪਣੇ ਐਕਸ ’ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਫਿਲਹਾਲ ਸੀ.ਆਈ.ਏ ਸਟਾਫ਼ ਜਲੰਧਰ ਸਿਟੀ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਮੁਲਜ਼ਮਾਂ ਵੱਲੋਂ ਇਹ ਸਾਰਾ ਨਸ਼ਾ ਸਰਹੱਦ ਪਾਰ ਤੋਂ ਲਿਆਂਦਾ ਜਾ ਰਿਹਾ ਸੀ। ਇਸ ਗੱਲ ਦੀ ਜਾਂਚ ਜਾਰੀ ਹੈ ਕਿ ਮੁਲਜ਼ਮ ਸਰਹੱਦ 'ਤੇ ਕਿਹੜੇ ਨਸ਼ਾ ਤਸਕਰ ਨਾਲ ਜੁੜੇ ਹੋਏ ਸਨ। ਦੱਸ ਦੇਈਏ ਕਿ ਪੁਲਿਸ ਨੇ 9 ਸਤੰਬਰ ਨੂੰ ਫ਼ਿਰੋਜ਼ਪੁਰ ਦੇ ਪਿੰਡ ਭੰਗੋਵਾਲਾ ਦੇ ਰਹਿਣ ਵਾਲੇ ਬਦਨਾਮ ਨਸ਼ਾ ਤਸਕਰ ਛਿੰਦਾ ਸਿੰਘ ਪੁੱਤਰ ਬੋਹੜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਮਗਰੋਂ ਹਰਜਿੰਦਰ ਪਾਲ ਸਿੰਘ ਪੁੱਤਰ ਬਲਵੰਤ ਸਿੰਘ, ਵੀਰ ਸਿੰਘ ਪੁੱਤਰ ਕਾਲਾ ਸਿੰਘ, ਸੁਰਮੁੱਖ ਸਿੰਘ ਪੁੱਤਰ ਮੰਗਲ ਸਿੰਘ ਅਤੇ ਮਲੂਕ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਫ਼ਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੂੰ ਕੱਲ੍ਹ ਯਾਨੀ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਜਲਦੀ ਹੀ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ’ਤੇ ਲਵੇਗੀ। ਮੁੱਢਲੀ ਪੁੱਛਗਿੱਛ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ ਦਸ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ 9 ਸਤੰਬਰ ਨੂੰ ਸ਼ਹਿਰ ਦੇ ਪੌਸ਼ ਇਲਾਕੇ ਗਰੀਨ ਮਾਡਲ ਟਾਊਨ ਤੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਮਾਮਲੇ 'ਚ ਹੁਣ ਤੱਕ 11 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ 'ਤੇ ਮੁਲਜ਼ਮ ਛਿੰਦਾ ਸਿੰਘ ਦੀ ਹਰਕਤ ਦੇਖੀ ਗਈ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਜਾਲ ਵਿਛਾ ਕੇ ਛਾਪੇਮਾਰੀ ਕੀਤੀ। ਪੁਲਿਸ ਨੇ ਜਾਲ ਵਿਛਾ ਕੇ ਜਦੋਂ ਮੁਲਜ਼ਮ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ ਇੱਕ ਕਿੱਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ। ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਸੀਆਈਏ ਸਟਾਫ਼ ਦੀ ਟੀਮ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 6 (ਮਾਡਲ ਟਾਊਨ) ਵਿੱਚ ਕੇਸ ਦਰਜ ਕੀਤਾ ਸੀ।