ਨਵੀਂ ਦਿੱਲੀ , 25 ਦਸੰਬਰ : ਇੰਦਰਾ ਗਾਂਧੀ ਏਅਰਪੋਰਟ ‘ਤੇ ਜਾਂਚ ਦੇ ਨਾਂ ‘ਤੇ 50 ਲੱਖ ਰੁਪਏ ਦੇ ਸੋਨੇ ਦੇ ਲੁੱਟ ਮਾਮਲੇ ਵਿਚ ਦਿੱਲੀ ਪੁਲਿਸ ਨੇ ਦੋ ਹੈੱਡ ਕਾਂਸਟੇਬਲ ਗ੍ਰਿਫਤਾਰ ਕੀਤੇ ਹਨ। ਇਹ ਦੋਵੇਂ ਆਈਜੀਆਈ ਏਅਰਪੋਰਟ ਪੁਲਿਸ ਸਟੇਸ਼ਨ ਦੇ ਸਪੈਸ਼ਲ ਆਪ੍ਰੇਸ਼ਨ ਸਕਵਾਡ ਵਿਚ ਤਾਇਨਾਤ ਸਨ। ਦੋਸ਼ ਹੈ ਕਿ ਇਨ੍ਹਾਂ ਨੇ ਮਸਕਟ ਤੇ ਦੁਬਈ ਤੋਂ ਆਏ ਲੋਕਾਂ ਨੂੰ ਰੋਕਿਆ ਤੇ ਜਾਂਚ ਦੇ ਨਾਂ ‘ਤੇ ਪੂਰਾ ਸੋਨਾ ਖੋਹ ਲਿਆ। ਵਿਦੇਸ਼ ਤੋਂ ਆਏ ਲੋਕ ਸੋਨਾ ਕਿਸੇ ਦੂਜੇ ਨੂੰ ਦੇਣ ਲਈ ਲਿਆਏ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਸੋਨਾ ਤਸਕਰੀ ਕਰਕੇ ਭਾਰਤ ਲਿਆਂਦਾ ਗਿਆ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਇਹ ਸੋਨਾ ਮਸਕਟ ਤੇ ਦੁਬਈ ਤੋਂ ਆਏ ਵੱਖ-ਵੱਖ ਲੋਕਾਂ ਤੋਂ ਲੁੱਟਿਆ ਹੈ। ਪੁਲਿਸ ਮੁਤਾਬਕ ਮਸਕਟ ਤੋਂ ਆਏ ਰਾਜਸਥਾਨ ਵਾਸੀ ਨੇ 24 ਦਸੰਬਰ ਨੂੰ ਸ਼ਿਕਾਇਤ ਦਰਜ ਕਰਾਈ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਨੇ 20 ਦਸੰਬਰ ਦੀ ਰਾਤ ਵਿਚ ਉਸ ਨੂੰ ਜੰਗਲ ਵਿਚ ਲੈ ਜਾ ਕੇ 600 ਗ੍ਰਾਮ ਸੋਨਾ ਲੁੱਟਿਆ ਤੇ ਉਸ ਨਾਲ ਮਾਰਕੁੱਟ ਵੀ ਕੀਤੀ। ਦੂਜੇ ਪਾਸੇ ਦੁਬਈ ਤੋਂ ਪਰਤਦੇ ਤੇਲੰਗਾਨਾ ਵਾਸੀ ਨੇ ਵੀ ਸ਼ਿਕਾਇਤ ਦਰਜ ਕਰਵਾਈ ਕਿ ਇਸੇ ਦਿਨ ਉਸ ਤੋਂ ਦੋਵੇਂ ਪੁਲਿਸ ਮੁਲਾਜ਼ਮਾਂ ਨੇ 400 ਗ੍ਰਾਮ ਸੋਨਾ ਲੁੱਟਿਆ। ਹੁਣ ਦਿੱਲੀ ਪੁਲਿਸ ਇਸ ਮਾਮਲੇ ਵਿਚ ਤਸਕਰੀ ਦੇ ਐਂਗਲ ਤੋਂ ਜਾਂਚ ਕਰ ਰਹੀ ਹੈ। ਕਾਰਨ ਦੋਵੇਂ ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਇਹ ਸੋਨਾ ਉਨ੍ਹਾਂ ਨੇ ਵਿਦੇਸ਼ ਤੋਂ ਲਿਆ ਕੇ ਭਾਰਤ ਵਿਚ ਕਿਸੇ ਹੋਰ ਨੂੰ ਦੇਣ ਲਈ ਕਿਹਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਵਿਚ ਜਿਹੜੇ ਲੋਕਾਂ ਨੂੰ ਇਹ ਸੋਨਾ ਦਿੱਤਾ ਜਾਣਾ ਸੀ, ਉਹ ਤਸਕਰੀ ਵਿਚ ਸ਼ਾਮਲ ਹਨ। ਫਿਲਹਾਲ ਪੁਲਿਸ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।