ਨਵੀਂ ਦਿੱਲੀ, 28 ਮਾਰਚ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਦੇਸ਼ ਦੇ ਲੋਕਾਂ ਨੂੰ ਹਥਿਆਰਬੰਦ ਬਲਾਂ ’ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ। ਟਾਈਮਜ਼ ਨਾਓ ਸਿਖਰ ਸੰਮੇਲਨ ਦੇ ਆਖਰੀ ਦਿਨ ਗੱਲਬਾਤ ਦੌਰਾਨ ਅਗਨੀਵੀਰ ਯੋਜਨਾ ਦੀ ਆਲੋਚਨਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਅਜਿਹੇ ਸਵਾਲਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਇਹ ਮੰਨਦਾ ਹੈ ਕਿ ਹਥਿਆਰਬੰਦ ਬਲਾਂ ਵਿਚ ਜਵਾਨ ਜੋਸ਼ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰੱਖਿਆ ਮੰਤਰੀ ਨੇ ਕਿਹਾ ਕਿ ਜੇ ਸਾਨੂੰ ਅਗਵੀਨੀਰ ਸਕੀਮ ਵਿਚ ਕੋਈ ਕਮੀਆਂ ਮਿਲਦੀਆਂ ਹਨ, ਤਾਂ ਅਸੀਂ ਉਨ੍ਹਾਂ ਨੂੰ ਸੁਧਾਰਨ ਲਈ ਤਿਆਰ ਹਾਂ। ਸਮਾਗਮ ਦੌਰਾਨ ਕੇਂਦਰੀ ਮੰਤਰੀ ਨੇ ਅਪਣੇ ਲਗਭਗ 50 ਸਾਲਾਂ ਦੇ ਲੰਬੇ ਰਾਜਨੀਤਿਕ ਸਫ਼ਰ ਦੇ ਕਿੱਸੇ ਵੀ ਸਾਂਝੇ ਕੀਤੇ। ਇਹ ਪੁੱਛੇ ਜਾਣ ’ਤੇ ਕਿ ਭਾਰਤ-ਚੀਨ ਸਰਹੱਦੀ ਮੁੱਦੇ ’ਤੇ ਵਿਰੋਧੀ ਪਾਰਟੀਆਂ ਸਮੇਤ ਕਈ ਲੋਕਾਂ ਵਲੋਂ ਉਠਾਏ ਗਏ ਸਵਾਲਾਂ ਦਾ ਉਹ ਕਿਵੇਂ ਜਵਾਬ ਦਿੰਦੇ ਹਨ, ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ, “ਮੈਂ ਉਨ੍ਹਾਂ (ਵਿਰੋਧੀ ਪਾਰਟੀਆਂ) ਨੂੰ ਜੋ ਵੀ ਕਹਿ ਸਕਦਾ ਹਾਂ, ਦੇਸ਼ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਮੈਂ ਉਨ੍ਹਾਂ (ਵਿਰੋਧੀ ਪਾਰਟੀਆਂ) ਨੂੰ ਦੱਸਦਾ ਹਾਂ। ਪਰ ਰੱਖਿਆ ਖੇਤਰ ਵਿਚ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਦੀ ਰਣਨੀਤਕ ਮਹੱਤਤਾ ਹੈ ਅਤੇ ਅਸੀਂ ਉਨ੍ਹਾਂ ਦਾ ਜਨਤਕ ਤੌਰ ’ਤੇ ਖੁਲਾਸਾ ਨਹੀਂ ਕਰ ਸਕਦੇ। ਅਸੀਂ ਉਨ੍ਹਾਂ ਚੀਜ਼ਾਂ ਨੂੰ ਦੱਸਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਉਹ ਉੱਤਰੀ, ਪੱਛਮੀ ਜਾਂ ਪੂਰਬੀ ਸੈਕਟਰ ਜਾਂ ਕੁੱਝ ਹੋਰ ਹੋਵੇ”। ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ। ਉਨ੍ਹਾਂ ਨੂੰ ਸਾਡੀ ਫੌਜ ਅਤੇ ਸੁਰੱਖਿਆ ਕਰਮਚਾਰੀਆਂ ’ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ। ਪੂਰਬੀ ਲੱਦਾਖ ’ਚ ਕੁਝ ਥਾਵਾਂ ’ਤੇ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਸਾਢੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਧਿਰਾਂ ਨੇ ਵਿਆਪਕ ਕੂਟਨੀਤਕ ਅਤੇ ਫੌਜੀ ਗੱਲਬਾਤ ਤੋਂ ਬਾਅਦ ਕਈ ਖੇਤਰਾਂ ਤੋਂ ਸੈਨਿਕਾਂ ਦੀ ਵਾਪਸੀ ਪੂਰੀ ਕਰ ਲਈ ਹੈ। ਉਨ੍ਹਾਂ ਕਿਹਾ, ‘‘ਰੱਖਿਆ ਮੰਤਰੀ ਵਜੋਂ ਅਪਣੇ ਪੰਜ ਸਾਲਾਂ ਦੌਰਾਨ ਅਤੇ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਵਜੋਂ ਮੈਂ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀਆਂ ਸਰਹੱਦਾਂ ਅਤੇ ਸਾਡਾ ਦੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਰਾਜਨਾਥ ਸਿੰਘ ਨੇ ਅਗਨੀਵੀਰ ਯੋਜਨਾ ਦਾ ਬਚਾਅ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਭਰਤੀ ਨਾਲ ਜੋਖਮ ਲੈਣ ਦੀ ਭਾਵਨਾ ਵਧੇਗੀ ਅਤੇ ਤਕਨਾਲੋਜੀ ਦੀ ਸਮਝ ਰੱਖਣ ਵਾਲੇ ਹਥਿਆਰਬੰਦ ਬਲਾਂ ਦਾ ਨਿਰਮਾਣ ਹੋਵੇਗਾ। ਉਨ੍ਹਾਂ ਕਿਹਾ, ‘‘ਕੋਈ ਵੀ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਹਥਿਆਰਬੰਦ ਬਲਾਂ ’ਚ ਨੌਜਵਾਨ ਜੋਸ਼ ਹੋਣਾ ਚਾਹੀਦਾ ਹੈ। ਆਮ ਤੌਰ ’ਤੇ ਸਾਡੇ ਜਵਾਨਾਂ ਦੀ ਉਮਰ ਹੱਦ 30-50 ਸਾਲ ਹੁੰਦੀ ਹੈ, ਪਰ 18-20 ਸਾਲ ਦੇ ਨੌਜਵਾਨਾਂ ਦੇ ਅਗਨੀਵੀਰ ਵਜੋਂ ਸ਼ਾਮਲ ਹੋਣ ਨਾਲ, ਜੋਖਮ ਲੈਣ ਦੀ ਭਾਵਨਾ ਥੋੜ੍ਹੀ ਹੋਰ ਵਧੇਗੀ”। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸੀਨੀਅਰ ਸੈਨਿਕ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਰਹੇ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਅੱਜ ਤਕਨਾਲੋਜੀ ਦਾ ਯੁੱਗ ਹੈ ਅਤੇ ਭਾਰਤੀ ਨੌਜਵਾਨਾਂ ਨੂੰ ਵੀ ਤਕਨਾਲੋਜੀ ਦੀ ਸਮਝ ਰੱਖਣੀ ਚਾਹੀਦੀ ਹੈ। ਰਾਜਨਾਥ ਸਿੰਘ ਨੇ ਕਿਹਾ, ‘ਅਗਨੀਵੀਰ ਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਗਏ ਹਨ, ਜਿਸ ਵਿਚ ਅਰਧ ਸੈਨਿਕ ਬਲਾਂ ਵਿਚ ਉਨ੍ਹਾਂ ਲਈ ਰਾਖਵਾਂਕਰਨ ਦਾ ਪ੍ਰਬੰਧ ਵੀ ਸ਼ਾਮਲ ਹੈ। ਜੇ ਸਾਨੂੰ ਕੋਈ ਕਮੀਆਂ ਮਿਲਦੀਆਂ ਹਨ, ਤਾਂ ਅਸੀਂ ਉਨ੍ਹਾਂ ਨੂੰ ਸੁਧਾਰਨ ਲਈ ਤਿਆਰ ਹਾਂ”।