ਰਾਏਪੁਰ, 07 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਵਿਜੈ ਸੰਕਲਪ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੰਗਾ ਜੀ ਦੀ ਝੂਠੀ ਸਹੁੰ ਖਾਣ ਦਾ ਪਾਪ ਸਿਰਫ਼ ਕਾਂਗਰਸ ਹੀ ਕਰ ਸਕਦੀ ਹੈ। ਗੰਗਾ ਜੀ ਦੀ ਸਹੁੰ ਖਾ ਕੇ ਉਨ੍ਹਾਂ ਨੇ ਮੈਨੀਫੈਸਟੋ ਜਾਰੀ ਕੀਤਾ ਅਤੇ ਉਸ ਵਿਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ, ਪਰ ਅੱਜ ਉਸ ਮੈਨੀਫੈਸਟੋ ਦੀ ਯਾਦ ਦਿਵਾਉਂਦਿਆਂ ਹੀ ਕਾਂਗਰਸ ਦੀ ਯਾਦਦਾਸ਼ਤ ਚਲੇ ਜਾਂਦੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਵੱਲੋਂ ਛੱਤੀਸਗੜ੍ਹ 'ਚ 36 ਵਾਅਦੇ ਜੋ ਕਂਗਰਸ ਨੇ ਕੀਤੇ ਸਨ, ਉਨ੍ਹਾਂ ਵਿੱਚੋਂ ਇਕ ਸੀ ਕਿ ਸੂਬੇ ਵਿੱਚ ਸ਼ਰਾਬਬੰਦੀ ਕੀਤੀ ਜਾਵੇਗੀ। ਪੰਜ ਸਾਲ ਬੀਤ ਚੁੱਕੇ ਹਨ, ਪਰ ਸੱਚਾਈ ਇਹ ਹੈ ਕਿ ਕਾਂਗਰਸ ਨੇ ਛੱਤੀਸਗੜ੍ਹ ਵਿਚ ਹਜ਼ਾਰਾਂ ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਕੀਤਾ ਹੈ ਅਤੇ ਇਸ ਦੀ ਪੂਰੀ ਜਾਣਕਾਰੀ ਅਖ਼ਬਾਰਾਂ 'ਚ ਭਰੀ ਪਈ ਹੈ। ਪੀਐੱਮ ਮੋਦੀ ਨੇ ਕਿਹਾ ਕਿ ਛੱਤੀਸਗੜ੍ਹ ਕਾਂਗਰਸ ਲਈ ਏਟੀਐਮ ਵਾਂਗ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੋਲਾ ਮਾਫੀਆ, ਰੇਤ ਮਾਫੀਆ, ਭੂ-ਮਾਫੀਆ... ਪਤਾ ਨਹੀਂ ਕਿਹੜੇ-ਕਿਹੜੇ ਮਾਫੀਆ ਇੱਥੇ ਵੱਧ-ਫੁੱਲ ਰਹੇ ਹਨ। ਇੱਥੇ ਸੂਬੇ ਦੇ ਮੁਖੀ ਤੋਂ ਲੈ ਕੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ 'ਤੇ ਘਪਲੇ ਦੇ ਗੰਭੀਰ ਦੋਸ਼ ਲੱਗੇ ਹਨ। ਭ੍ਰਿਸ਼ਟਾਚਾਰ ਤੋਂ ਬਿਨਾਂ ਕਾਂਗਰਸ ਸਾਹ ਵੀ ਨਹੀਂ ਲੈ ਸਕਦੀ। ਭ੍ਰਿਸ਼ਟਾਚਾਰ ਕਾਂਗਰਸ ਦੀ ਸਭ ਤੋਂ ਵੱਡੀ ਵਿਚਾਰਧਾਰਾ ਹੈ।