- ਭਾਜਪਾ ਨੇ ਇੰਡੀਆ ਦੀ ਬਜਾਏ ਭਾਰਤ ਲਿਖ ਕੇ ਨਵੀਂ ਬਹਿਸ ਸੁਰੂ ਕੀਤੀ ਹੈ : ਰਾਘਵ ਚੱਢਾ
- ਇੰਡੀਆ ਨਾਮ ਦੇ ਗਠਜੋੜ ਬਣਨ ਤੋਂ ਬਾਅਦ ਭਾਜਪਾ ਦੇਸ਼ ਦਾ ਨਾਂ ਬਦਲ ਰਹੇ ਹਨ : ਕੇਜਰੀਵਾਲ
- ਮੈਂ ਇੱਕ ਭਾਰਤੀ ਹਾਂ, ਮੇਰੇ ਦੇਸ਼ ਦਾ ਨਾਮ ਭਾਰਤ ਹੀ ਰਹੇਗਾ : ਰਾਜੀਵ ਚੰਦਰ ਸ਼ੇਖਰ
ਨਵੀਂ ਦਿੱਲੀ, 05 ਸਤੰਬਰ : ਦਿੱਲੀ ਦੇ ਪ੍ਰਗਤੀ ਮੈਦਾਨ ‘ਚ 9-10 ਸਤੰਬਰ ਨੂੰ ਹੋਣ ਜਾ ਰਹੀ ਜੀ-20 ਦੀ ਬੈਠਕ ਸਬੰਧੀ ਇਸ ਮੀਟਿੰਗ ਦੇ ਡਿਨਰ ਵਿੱਚ ਸ਼ਾਮਿਲ ਹੋਣ ਸਬੰਧੀ ਰਾਸ਼ਟਰਪਤੀ ਭਵਨ ਤੋਂ ਸੱਦਾ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਪ੍ਰੈਜੀਡੈਂਟ ਆਫ ਇੰਡੀਆ ਦੀ ਥਾਂ ਪ੍ਰੈਜੀਡੈਂਟ ਆਫ ਭਾਰਤ ਲਿਖਿਆ ਹੋਣ ਬਾਰੇ ਚਰਚਾ ਹੈ। ਇਸ ਸਬੰਧੀ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਗਾਇਆ ਕਿ ਸੱਦਾ ਪੱਤਰ ਤੇ ਪ੍ਰੈਜੀਡੈਂਟ ਆਫ ਇੰਡੀਆ ਦੀ ਥਾਂ ਪ੍ਰੈਜੀਡੈਂਟ ਆਫ ਭਾਰਤ ਲਿਖਿਆ ਹੋਇਆ ਹੈ। ਕਾਂਗਰਸੀ ਆਗੂ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) ਤੇ ਲਿਖਿਆ ਇਹ ਖਬਰ ਅਸਲ ਵਿੱਚ ਸੱਚ ਹੈ। ਰਾਸ਼ਟਰਪਤੀ ਭਵਨ ਵੱਲੋਂ 09 ਸਤੰਬਰ ਨੁੂੰ ਜੀ-20 ਡਿਨਰ ਲਈ ਸੱਦਾ ਪੱਤਰ ਭੇਜਿਆ ਹੈ। ਜਿਸ ਵਿੱਚ ਇੰਡੀਆ ਦੀ ਥਾਂ ਭਾਰਤ ਲਿਖਿਆ ਹੋਇਆ ਹੈ। ਜਿਕਰਯੋਗ ਹੈ ਕਿ ਦੇਸ਼ ਦੀਆਂ 28 ਵਿਰੋਧੀ ਪਾਰਟੀਆਂ ਵੱਲੋਂ ਗਠਜੋੜ ਬਣਾਇਆ ਗਿਆ ਹੈ, ਜਿਸ ਦਾ ਨਾਮ ਇੰਡੀਆ (ਭਾਰਤੀ ਰਾਸ਼ਟਰੀ ਵਿਕਾਸ ਸੰਮਲਿਤ ਗਠਜੋੜ) ਰੱਖਿਆ ਗਿਆ ਹੈ, ਇਸ ਨਾਮ ਨੂੰ ਲੈ ਕੇ ਵਿਵਾਦ ਵੀ ਛਿੜਿਆ ਹੋਇਆ ਹੈ। ਕਾਂਗਰਸੀ ਆਗੂ ਜੈਰਾਮ ਨੇ ਲਿਖਿਆ ਸੰਵਿਧਾਨ ਦੀ ਧਾਰਾ 1 ਅਨੁਸਾਰ ਇੰਡੀਆ ਜਿਸ ਨੂੰ ਭਾਰਤ ਕਿਹਾ ਜਾਂਦਾ ਹੈ, ਰਾਜਾਂ ਸੰਘ ਹੋਵੇਗਾ, ਪਰ ਹੁਣ ਰਾਜਾਂ ਦੇ ਸੰਘ ਤੇ ਵੀ ਹਮਲਾ ਹੋ ਰਿਹਾ ਹੈ।
ਭਾਜਪਾ ਨੇ ਇੰਡੀਆ ਦੀ ਬਜਾਏ ਭਾਰਤ ਲਿਖ ਕੇ ਨਵੀਂ ਬਹਿਸ ਸੁਰੂ ਕੀਤੀ ਹੈ : ਰਾਘਵ ਚੱਢਾ
ਆਮ ਆਦਮੀ ਪਾਰਟੀ ਦੇ ਆਗੂ ਅਤੇ ਮੈਂਬਰ ਰਾਜ ਸਭਾ ਰਾਘਵ ਚੱਢਾ ਨੇ ਟਵੀਟ ਕਰਦਿਆਂ ਆਪਣੀ ਪ੍ਰਤੀਕਿਰਿਆ ਜਾਹਰ ਕੀਤੀ, ਭਾਜਪਾ ਨੇ ਜੀ-20 ਸੰਮੇਲਨ ਦੇ ਸੱਦਾ ਪੱਤਰ ਤੇ ਪ੍ਰੈਜੀਡੈਂਟ ਆਫ ਇੰਡੀਆ ਦੀ ਥਾਂ ਪ੍ਰੈਜੀਡੈਂਟ ਆਫ ਭਾਰਤ ਲਿਖ ਕੇ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਭਾਜਪਾ ਇੰਡੀਆ ਨੂੰ ਕਿਵੇਂ ਖਤਮ ਕਰ ਸਕਦੀ ਹੈ। ਦੇਸ਼ ਕਿਸੇ ਸਿਆਸੀ ਪਾਰਟੀ ਦਾ ਨਹੀਂ ਹੈ, ਇਹ 135 ਕਰੋੜ ਲੋਕਾਂ ਦਾ ਹੈ। ਸਾਡੀ ਰਾਸ਼ਟਰੀ ਪਛਾਣ ਭਾਜਪਾ ਦੀ ਨਿੱਜੀ ਜਾਇਦਾਦ ਨਹੀਂ ਹੈ। ਜਿਸ ਨੂੰ ਉਹ ਆਪਣੀ ਮਰਜੀ ਨਾਲ ਬਦਲ ਸਕਦੀ ਹੈ।
ਇੰਡੀਆ ਨਾਮ ਦੇ ਗਠਜੋੜ ਬਣਨ ਤੋਂ ਬਾਅਦ ਭਾਜਪਾ ਦੇਸ਼ ਦਾ ਨਾਂ ਬਦਲ ਰਹੇ ਹਨ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਵਿਰੋਧੀ ਪਾਰਟੀਆਂ ਵੱਲੋਂ ਇੰਡੀਆ ਦੇ ਨਾਮ ਦਾ ਇੱਕ ਸਾਂਝਾ ਗਠਜੋੜ ਬਣਾਇਆ ਹੈ ਤਾਂ ਉਹ ਦੇਸ਼ ਦਾ ਨਾਮ ਬਦਲ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਜੇਕਰ ਗਠਜੋੜ ਨੇ ਆਪਣਾ ਨਾਮ ਇੰਡੀਆ ਤੋਂ ਬਦਲ ਕੇ ਭਾਰਤ ਰੱਖ ਲਿਆ ਫਿਰ ਇਹ ਭਾਰਤ ਦਾ ਨਾਮ ਬਦਲ ਦੇਣਗੇ ਅਤੇ ਇਹ ਭਾਰਤ ਦਾ ਨਾਮ ਬੀਜੇਪੀ ਰੱਖ ਦੇਣਗੇ।
ਮੈਂ ਇੱਕ ਭਾਰਤੀ ਹਾਂ, ਮੇਰੇ ਦੇਸ਼ ਦਾ ਨਾਮ ਭਾਰਤ ਹੀ ਰਹੇਗਾ : ਰਾਜੀਵ ਚੰਦਰ ਸ਼ੇਖਰ
ਕੇਂਦਰੀ ਇਲੈਕਟ੍ਰੋਨਿਕਸ ਅਤੇ ਆਈ ਟੀ ਰਾਜ ਮੰਤਰੀ ਰਾਜੀਵ ਚੰਦਰ ਸ਼ੇਖਰ ਨੇ ਵਿਰੋਧੀਆਂ ਨੁੰ ਹਰ ਚੀਜ਼ ਵਿੱਚ ਸਮੱਸਿਆ ਹੈ ਤੇ ਮੈਨੂੰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਇੱਕ ਭਾਰਤੀ ਹਾਂ, ਮੇਰੇ ਦੇਸ਼ ਦਾ ਨਾਮ ਭਾਰਤ ਹੀ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੂੰ ਕੋਈ ਸਮੱਸਿਆ ਹੈ ਤਾਂ ਉਹ ਖੁਦ ਇਸ ਦਾ ਹੱਲ ਲੱਭਣ। ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਭਾਰਤ ਲਿਖਣ ਜਾਂ ਕਹਿਣ ‘ਚ ਦਿੱਕਤ ਕਿਉਂ ਹੈ। ਤੁਸੀਂ ਸ਼ਰਮ ਕਰੋ, ਸਾਡੇ ਦੇਸ਼ ਨੂੰ ਪ੍ਰਚੀਨ ਕਾਲ ਤੋਂ ਭਾਰਤ ਕਿਹਾ ਜਾਂਦਾ ਹੈ ਅਤੇ ਇਸ ਦਾ ਸਾਡੇ ਸੰਵਿਧਾਨ ਵਿੱਚ ਜਿਕਰ ਵੀ ਕੀਤਾ ਗਿਆ ਹੈ। ਉਹ ਬਿਨ੍ਹਾ ਕਿਸੇ ਕਾਰਨ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।