ਗੁਨਾ, 28 ਦਸੰਬਰ : ਗੁਨਾ ਤੋਂ ਹਾਰੂਨ ਜਾ ਰਹੀ ਸੀਕਰਵਾਰ ਬੱਸ ਨੂੰ ਬੁੱਧਵਾਰ ਰਾਤ ਕਰੀਬ 8.30 ਵਜੇ ਡੰਪਰ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਡੀਜ਼ਲ ਦੀ ਟੈਂਕੀ ਫਟ ਗਈ ਅਤੇ ਬੱਸ ਨੂੰ ਅੱਗ ਲੱਗ ਗਈ, ਜਿਸ ਵਿਚ 13 ਸਵਾਰੀਆਂ ਜ਼ਿੰਦਾ ਸੜ ਗਈਆਂ ਅਤੇ 16 ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਯਾਤਰੀਆਂ ਦਾ ਜ਼ਿਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ ਕੁਝ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਬੱਸ ਵਿੱਚ ਸੜੀਆਂ ਹੋਈਆਂ ਕੁਝ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਹੋਣ ਕਾਰਨ ਦੇਰ ਰਾਤ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਦੁੱਖ ਪ੍ਰਗਟ ਕਰਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਦੱਸਿਆ ਜਾਂਦਾ ਹੈ ਕਿ ਹਰ ਰੋਜ਼ ਦੀ ਤਰ੍ਹਾਂ 32 ਸੀਟਰ ਸੀਕਰਵਾਰ ਬੱਸ ਬੁੱਧਵਾਰ ਰਾਤ ਕਰੀਬ 8 ਵਜੇ ਗੁਨਾ ਤੋਂ ਹਾਰੂਨ ਲਈ ਰਵਾਨਾ ਹੋਈ। ਬੱਸ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਘੁਮ ਘਾਟੀ ਕੋਲ ਪਹੁੰਚੀ ਹੀ ਸੀ ਕਿ ਡੰਪਰ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ।ਇਸ ਤੋਂ ਬਾਅਦ ਬੱਸ ਪਲਟ ਗਈ ਅਤੇ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਕਲੈਕਟਰ ਤਰੁਣ ਰਾਠੀ ਅਤੇ ਐੱਸਪੀ ਵਿਜੇ ਖੱਤਰੀ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਅਤੇ ਹੋਰ ਵਾਹਨਾਂ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ। ਹਨੇਰਾ ਹੋਣ ਕਾਰਨ ਬਚਾਅ ਕਾਰਜ ਵਿੱਚ ਦੇਰੀ ਹੋਈ, ਇਸ ਲਈ ਦੇਰ ਰਾਤ ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਰੌਸ਼ਨ ਕਰਨ ਲਈ ਚੱਲਦੀ ਗੱਡੀ ਵਿੱਚ ਲਾਈਟਾਂ ਦਾ ਪ੍ਰਬੰਧ ਕੀਤਾ। ਜਾਣਕਾਰੀ ਮੁਤਾਬਕ ਬੱਸ ਬਿਨਾਂ ਬੀਮੇ ਅਤੇ ਫਿਟਨੈੱਸ ਦੇ ਚੱਲ ਰਹੀ ਸੀ। ਬੱਸ ਦੀ ਫਿਟਨੈਸ ਦੀ ਮਿਆਦ 17 ਫਰਵਰੀ 2022 ਨੂੰ ਖਤਮ ਹੋ ਗਈ ਹੈ ਅਤੇ ਬੀਮੇ ਦੀ ਮਿਆਦ 30 ਅਪ੍ਰੈਲ 2021 ਨੂੰ ਖਤਮ ਹੋ ਗਈ ਹੈ। ਟਰਾਂਸਪੋਰਟ ਵਿਭਾਗ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਲਾਪ੍ਰਵਾਹੀ ਕਾਰਨ ਬੱਸ ਦੀ ਬਕਾਇਦਾ ਚੈਕਿੰਗ ਨਹੀਂ ਕੀਤੀ ਗਈ। ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਬੱਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਨਾਲ ਹੀ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਹਾਦਸੇ ਵਿੱਚ ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ।