ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ‘ਚ 17 ਸਾਲਾ ਸਕੂਲੀ ਵਿਦਿਆਰਥਣ ‘ਤੇ ਤੇਜ਼ਾਬ ਸੁੱਟਣ ਦੇ ਮਾਮਲੇ ‘ਚ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ। ਪੱਛਮੀ ਦਿੱਲੀ ਵਿੱਚ ਸਕੂਲ ਲਈ ਆਪਣੇ ਘਰ ਤੋਂ ਨਿਕਲਣ ਤੋਂ ਕੁਝ ਦੇਰ ਬਾਅਦ ਇੱਕ ਮੋਟਰਸਾਈਕਲ ‘ਤੇ ਦੋ ਨਕਾਬਪੋਸ਼ ਵਿਅਕਤੀਆਂ ਨੇ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ। ਬੱਚੀ ਦਾ ਇਲਾਜ ਸਫਦਰਜੰਗ ਹਸਪਤਾਲ ਦੇ ‘ਬਰਨ ਆਈਸੀਯੂ’ ‘ਚ ਚੱਲ ਰਿਹਾ ਹੈ। ਇਸ ਮਾਮਲੇ ‘ਤੇ ਦਿੱਲੀ ਮਹਿਲਾ ਕਮਿਸ਼ਨ ਨੇ ਵੀਰਵਾਰ ਨੂੰ ਪੱਛਮੀ ਦਿੱਲੀ ‘ਚ ਇਕ ਵਿਦਿਆਰਥਣ ‘ਤੇ ਤੇਜ਼ਾਬ ਹਮਲੇ ਦੇ ਮਾਮਲੇ ‘ਚ ਤੇਜ਼ਾਬ ਦੀ ਵਿਕਰੀ ਨੂੰ ਲੈ ਕੇ ਦੋ ਈ-ਕਾਮਰਸ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਪ੍ਰਾਪਤ ਜਾਣਕਰੀ ਅਨੁਸਾਰ ਘਟਨਾ ਦੇ ਮੁੱਖ ਮੁਲਜ਼ਮ ਨੇ ਈ-ਕਾਮਰਸ ਪੋਰਟਲ ਰਾਹੀਂ ਤੇਜ਼ਾਬ ਖਰੀਦਿਆ ਸੀ। ਮਹਿਲਾ ਕਮਿਸ਼ਨ ਨੇ ਤੇਜ਼ਾਬ ਦੀ ਆਨਲਾਈਨ ਵਿਕਰੀ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਦੋਵਾਂ ਕੰਪਨੀਆਂ ਤੋਂ 20 ਦਸੰਬਰ ਤੱਕ ਵਿਸਥਾਰਤ ਕਾਰਵਾਈ ਦੀ ਰਿਪੋਰਟ ਮੰਗੀ ਹੈ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੇਜ਼ਾਬ ਸੁੱਟਣ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਸ਼ਹਿਰ ਦੇ ਹਰ ਬੱਚੇ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦਿੱਲੀ ਵਿੱਚ ਹਰ ਬੱਚੀ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ।