ਦਵਾਰਕਾ : ਦਿੱਲੀ 'ਚ 12ਵੀਂ ਜਮਾਤ ਦੀ ਵਿਦਿਆਰਥਣ 'ਤੇ ਤੇਜ਼ਾਬ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਜਧਾਨੀ ਦੇ ਦਵਾਰਕਾ ਮੋਡ ਇਲਾਕੇ ਦੀ ਹੈ। ਪੀੜਤਾ ਨੂੰ ਸਫਦਰਜੰਗ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬਾਈਕ ਸਵਾਰ ਦੋ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਗੱਲ ਕਹੀ ਹੈ। ਰਾਸ਼ਟਰੀ ਅਤੇ ਦਿੱਲੀ ਮਹਿਲਾ ਕਮਿਸ਼ਨ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ। ਦਿੱਲੀ 'ਚ ਵਿਦਿਆਰਥਣ 'ਤੇ ਹੋਏ ਤੇਜ਼ਾਬ ਹਮਲੇ ਦੇ ਸਬੰਧ 'ਚ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ. ਸੀ. ਡਬਲਿਊ.) ਦੀ ਟੀਮ ਮਾਮਲੇ ਦੀ ਜਾਂਚ ਲਈ ਹਸਪਤਾਲ ਪਹੁੰਚੇਗੀ ਅਤੇ ਪੀੜਤਾ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਏਗੀ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੇਜ਼ਾਬ ਹਮਲੇ ਦੇ ਮਾਮਲੇ ਦੀ ਨਿੰਦਾ ਕੀਤੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਵਿਦਿਆਰਥਣ 'ਤੇ ਤੇਜ਼ਾਬ ਹਮਲੇ ਦੇ ਮਾਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਕੇਜਰੀਵਾਲ ਨੇ ਕਿਹਾ, ''ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਪਰਾਧੀਆਂ ਦੀ ਇੰਨੀ ਹਿੰਮਤ ਕਿਵੇਂ ਹੋਈ? ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦਿੱਲੀ ਦੀ ਹਰ ਬੇਟੀ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ।
ਸਵਾਤੀ ਮਾਲੀਵਾਲ ਨੇ ਤੇਜ਼ਾਬ ਦੀ ਵਿਕਰੀ 'ਤੇ ਸਵਾਲ ਉਠਾਏ ਹਨ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਨੇ ਤੇਜ਼ਾਬ ਦੀ ਵਿਕਰੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, ''ਦਿੱਲੀ 'ਚ ਤੇਜ਼ਾਬ ਦੀ ਵਿਕਰੀ ਦੀ ਇਹ ਹਾਲਤ ਹੈ। ਅੱਜ ਦੇਸ਼ ਵਿੱਚ ਸਬਜ਼ੀਆਂ ਦੀ ਤਰ੍ਹਾਂ ਆਸਾਨੀ ਨਾਲ ਤੇਜ਼ਾਬ ਵਿਕ ਰਿਹਾ ਹੈ। ਸਾਡੀਆਂ ਕਈ ਰਿਪੋਰਟਾਂ ਦੇ ਬਾਵਜੂਦ ਸਰਕਾਰ ਤੇਜ਼ਾਬ ਦੀ ਪ੍ਰਚੂਨ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਕਿਉਂ ਨਹੀਂ ਲਗਾਉਂਦੀ?