ਮਹਿਲ ਕਲਾਂ 02 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਨੇੜਲੇ ਪਿੰਡ ਪੰਡੋਰੀ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਕੀਰਤਨੀ ਜੱਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਪੰਥਕ ਕਵੀਸਰ ਪਰਗਟ ਸਿੰਘ ਧਨੇਰ ਕਲਾਂ,ਹੰਸ ਰਾਜ ਸਿੰਘ ਅਤੇ ਜੰਗ ਸਿੰਘ ਦੇ ਜੱਥੇ ਵੱਲੋਂ ਗੁਰੂ ਰਵਿਦਾਸ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਦੇਵ ਸਿੰਘ ਨੇ ਬੋਲਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਰਵਿਦਾਸ ਜੀ ਦੀ ਬਾਣੀ ਜੁੱਗਾਂ ਜੁੱਗਾਂ ਤੱਕ ਸਮਾਜ ਨੂੰ ਸੇਧ ਦਿੰਦੀ ਰਹੇਗੀ ਅਤੇ ਰਜਵਾੜਿਆ ਖਿਲਾਫ਼ ਕਿਰਤੀ ਲੋਕਾਂ ਦੀ ਜੰਗ ਵਿੱਚ ਕਿਰਤੀਆਂ ਦਾ ਸਾਥ ਦਿੰਦੀ ਰਹੇਗੀ। ਉਹਨਾਂ ਕਿਹਾ ਕਿ ਸਾਨੂੰ ਕਿਰਤ ਕਰਦੇ ਹੋਏ ਗੁਰੂਆਂ, ਭਗਤਾਂ ਅਤੇ ਭੱਟਾਂ ਦੀ ਬਾਣੀ ਦੀ ਅਗਵਾਈ ਹੇਠ ਧਰਮ ਕਰਮ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਸਮੂਹ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਣ ਦੀ ਅਪੀਲ ਕੀਤੀ। ਇਸ ਮੌਕੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਦਿਆਂ ਲੰਗਰ ਲਗਾਏ ਗਏ। ਅਖੀਰ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ, ਕੀਰਤਨ ਜੱਥੇ, ਢਾਡੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨੌਜਵਾਨ ਸਭਾ ਪੰਡੋਰੀ ਦੇ ਨੌਜਵਾਨਾਂ ਵੱਲੋਂ ਸਫਾਈ ਦੀ ਸੇਵਾ ਕੀਤੀ ਗਈ। ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਗੋਗੀ,ਪ੍ਰੇਮ ਸਿੰਘ,ਬਲੌਰ ਸਿੰਘ,ਲਾਲ ਸਿੰਘ,ਸੁੱਚਾ ਸਿੰਘ,ਹਰਪਾਲ ਸਿੰਘ,ਮਨਪ੍ਰੀਤ ਸਿੰਘ,ਪ੍ਰਧਾਨ ਦੇਵ ਸਿੰਘ, ਜਗਦੀਪ ਸਿੰਘ, ਤਰਸੇਮ ਸਿੰਘ ਪੰਡੋਰੀ ਅਤੇ ਬਿੰਦਰ ਸਿੰਘ ਫੌਜੀ ਹਾਜਰ ਸਨ।