ਸੜਕ ਸੁਰੱਖਿਆ ਮਹੀਨੇ ਤਹਿਤ ਟਰਾਂਸਪੋਰਟ ਵਿਭਾਗ ਅਤੇ ਸਿਵਲ ਸਰਜਨ ਦਫ਼ਤਰ ਵਲੋਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ

ਫਰੀਦਕੋਟ 16 ਜਨਵਰੀ ,2025 : ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕੌਮੀ ਸੜਕ ਸੁਰੱਖਿਆ ਮਹੀਨਾ ਤਹਿਤ  ਟਰਾਂਸਪੋਰਟ ਵਿਭਾਗ ਅਤੇ ਸਿਵਲ ਸਰਜਨ ਦਫ਼ਤਰ ਵਲੋਂ  ਡਾ. ਪਰਮਿੰਦਰ ਕੌਰ ਜ਼ਿਲ੍ਹਾ ਐਨ.ਸੀ.ਪੀ.ਬੀ ਅਫ਼ਸਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ.ਰਮਨ ਵਲੋਂ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਹਾਇਕ ਰਿਜਨਲ ਟਰਾਂਸਪੋਰਟ ਅਫ਼ਸਰ ਸ.ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡਰਾਈਵਰ, ਕੰਡਕਟਰ,ਮਜ਼ਦੂਰ ਅਤੇ ਦਿਹਾੜੀਦਾਰ ਕਾਮਿਆਂ ਲਈ ਜਾਂਚ ਕੈਂਪ ਦਾ ਵਿਸ਼ੇਸ਼ ਪ੍ਰਬੰਧ ਕਰਵਾਇਆ ਗਿਆ ਹੈ ਕਿਉਂਕਿ ਇਹਨਾਂ ਦਿਨਾਂ ਵਿਚ ਧੁੰਦਾਂ ਕਰਕੇ ਐਕਸੀਡੈਂਟਾਂ ਦਾ ਖਤਰਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਥੋੜੀ ਜਿਹੀ ਹੀ ਜਲਦੀ ਸਾਨੂੰ ਖਤਰੇ ਵੱਲ ਲਿਜਾ ਸਕਦੀ ਹੈ, ਇਸ ਲਈ ਖੁਦ ਵੀ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਹੋਇਆ ਜਾਵੇ ਤੇ ਆਲੇ-ਦੁਆਲੇ ਨੂੰ ਵੀ ਨਿਯਮਾਂ ਪ੍ਰਤੀ ਜਾਣੂੰ ਕਰਵਾਇਆ ਜਾਵੇ।  ਇਸ ਮੌਕੇ ਰੋਡ ਸੇਫਟੀ ਜਾਗਰੂਕਤਾ ਕਮੇਟੀ ਮੈਂਬਰ ਪ੍ਰਵੀਨ ਕੁਮਾਰ ਕਾਲਾ, ਟਰਾਂਸਪੋਰਟ ਵਿਭਾਗ ਵੱਲੋਂ ਡਾ ਪ੍ਰਸ਼ੋਤਮ ਗੁਪਤਾ, ਗੁਰਪ੍ਰੀਤ ਸਿੰਘ ਖਹਿਰਾ ,ਲਵਜਿੰਦਰ ਸਿੰਘ, ਰੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਲਾਡੀ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਏਐਸਆਈ ਕੁਲਵੰਤ ਸਿੰਘ, ਸੁਖਮੰਦਰ ਸਿੰਘ ਹਾਜ਼ਰ ਸਨ।