ਬਰਨਾਲਾ, 25 ਸਤੰਬਰ : ਕੇਂਦਰ ਸਰਕਾਰ ਵੱਲੋਂ ਭਾਰਤ ਦੇ ਗੈਰ ਸਿੱਖਿਅਤ ਨਾਗਰਿਕਾਂ ਨੂੰ ਪੜ੍ਹਾਉਣ ਲਈ ਨਵ ਭਾਰਤ ਸ਼ਾਖਰਤਾ ਪ੍ਰੋਗ੍ਰਾਮ ਦਾ ਅਗਾਜ਼ ਕੀਤਾ ਗਿਆ ਹੈ। ਜਿਸ ਤਹਿਤ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਨੋਡਲ ਅਧਿਆਪਕ ਸਕੂਲੀ ਵੱਲੋਂ ਆਪਣੇ ਆਲੇ ਦੁਆਲੇ ਦੇ ਗੈਰ ਸਿੱਖਿਅਤ ਵਿਅਕਤੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਬੇਸਿਕ ਪੱਧਰ ਦੀ ਸਿੱਖਿਆ ਦਿੱਤੀ ਗਈ। ਮੁੱਖ ਦਫ਼ਤਰ ਵੱਲੋਂ ਪ੍ਰਾਪਤ ਹਿਦਾਇਤ ਤਹਿਤ ਐਤਵਾਰ ਨੂੰ ਜ਼ਿਲ੍ਹੇ ਦੇ ਸਕੂਲਾਂ ਵਿਚੋਂ ਸੈਂਟਰ ਸਥਾਪਿਤ ਕਰਕੇ ਉਹਨਾਂ ਦੀ ਪ੍ਰੀਖਿਆ ਲਈ ਗਈ। ਇਸ ਸੰਬਧੀ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਸ਼ਮਸ਼ੇਰ ਸਿੰਘ ਅਤੇ ਡਾਇਟ ਪ੍ਰਿੰਸੀਪਲ ਮੈਡਮ ਵਰਿੰਦਰ ਕੌਰ ਵੱਲੋਂ ਦਿੱਤੀ ਗਈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸੀ) ਸ੍ਰ ਬਰਜਿੰਦਰ ਪਾਲ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸੀ) ਮੈਡਮ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਨਵ ਭਾਰਤ ਸਾਖਰਤਾ ਪ੍ਰੋਗਰਾਮ ਤਹਿਤ ਟ੍ਰੇਨਿੰਗ ਦੇਣ ਅਤੇ ਪ੍ਰੇਰਿਤ ਕਰਨ ਲਈ ਨੋਡਲ ਅਧਿਆਪਕਾਂ ਸੈਮੀਨਾਰ ਲਗਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਜੋ ਨਾਗਰਿਕ ਕਿਸੇ ਮਜਬਰੀ ਵੱਸ ਆਪਣੀ ਪੜ੍ਹਾਈ ਨਹੀਂ ਕਰ ਸਕੇ ਉਹਨਾਂ ਨੂੰ ਸਿੱਖਿਅਤ ਕਰਨ ਲਈ ਭਾਰਤ ਸਰਕਾਰ ਵੱਲੋਂ ਇਹ ਮਹਾਨ ਉਪਰਾਲਾ ਕੀਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ 18 ਤੋਂ 80 ਸਾਲ ਤੱਕ ਦੇ ਗੈਰ ਸਿੱਖਿਅਤ ਨਾਗਰਿਕਾਂ ਨੂੰ ਇਸ ਪੱਧਰ ਤੱਕ ਸਿੱਖਿਅਤ ਕਰਨਾ ਹੈ ਕਿ ਉਹ ਆਪਣੇ ਨਿੱਜੀ ਜ਼ਿੰਦਗੀ ਵਿੱਚ ਜੋੜ, ਘਟਾਓ, ਵੰਡ ਆਦਿ ਅਤੇ ਆਮ ਸ਼ਬਦਾਂ ਨੂੰ ਪੜ੍ਹਨ ਦੇ ਕਾਬਿਲ ਬਣ ਜਾਣ। ਉਨ੍ਹਾਂ ਕਿਹਾ ਕਿ ਕਿਹਾ ਕਿ ਪ੍ਰੀਖਿਆ ਲਈ ਜ਼ਿਲ੍ਹਾ ਵਿੱਚ ਕੁੱਲ 157 ਸੈਂਟਰ ਸਥਾਪਿਤ ਕੀਤੇ ਗਏ ਅਤੇ 322 ਨੋਡਲ ਅਧਿਆਪਕ ਅਤੇ 817 ਵਲੰਟੀਅਰ ਟੀਚਰ ਦੀ ਡਿਊਟੀ ਲਗਾਈ ਗਈ। ਪ੍ਰੀਖਿਆ ਦੇ ਵਿੱਚ 2550 ਦੇ ਕਰੀਬ ਪ੍ਰੀਖਿਆਰਥੀਆਂ ਨੇ ਪੇਪਰ ਦਿੱਤਾ । ਉਨ੍ਹਾਂ ਕਿਹਾ ਕਿ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਓਪਨ ਦਾ ਦੂਜੀ ਜਮਾਤ ਤੱਕ ਦਾ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਮਹਾਨ ਕਾਰਜ ਵਿੱਚ ਸਭ ਤੋਂ ਵਧੀਆ ਕਾਰਗੁਜਾਰੀ ਕਰਨ ਵਾਲੇ ਨੋਡਲ ਅਧਿਆਪਕਾਂ ਅਤੇ ਵਲੰਟੀਅਰ ਟੀਚਰਜ਼ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ।