ਫਿਰੋਜਪੁਰ, 15 ਅਕਤੂਬਰ : ਜਿਲ੍ਹਾ ਫਿਰੋਜਪੁਰ ਦੇ ਪਿੰਡ ਦੁਲਚੀਕੇ ਵਿੱਚ ਵਾਪਰੇ ਇੱਕ ਹਾਦਸੇ ‘ਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੁਲਚੀਕੇ ਪਿੰਡ ਵਿੱਚ ਇੱਕ ਮੇਲਾ ਲੱਗਿਆ ਹੋਇਆ, ਜਿੱਥੇ ਝੂਲਾ ਝੂਲਦੇ ਸਮੇਂ ਤਿੰਨ ਬੱਚਿਆਂ ਦੇ ਗਲ ਵਿੱਚ ਇੱਕ ਟੁੱਟੀ ਹੋਈ ਰੱਸੀ ਫਸ ਗਈ, ਜਿਸ ਕਾਰਨ ਤਿੰਨੋਂ ਬੱਚੇ ਹੇਠਾਂ ਡਿੱਗ ਗਏ, ਪਰ ਝੂਲਾ ਚੱਲਦਾ ਰਿਹਾ, ਜਿਸ ਕਾਰਨ ਤਿੰਨੋਂ ਬੱਚੇ ਬੁਰੀ ਤਰ੍ਹਾਂ ਗੰਭੀਰ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜਪੁਰ ਲਿਆਂਦਾ ਗਿਆ, ਜਿੱਥੇ ਉਨ੍ਹਾਂ ਵਿੱਚੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਬੱਚਿਆਂ ਵਿੱਚੋਂ ਅਮਨਦੀਪ ਸਿੰਘ (15) ਵਾਸੀ ਕਾਲੂਵਾਲਾ ਵਜੋਂ ਹੋਈ ਹੈ, ਦੋ ਦੀ ਪਹਿਚਾਣ ਨਹੀਂ ਹੋ ਸਕੀ। ਘਟਨਾਂ ਤੋਂ ਬਾਅਦ ਹਾਦਸੇ ਤੋਂ ਬਾਅਦ ਮੇਲਾ ਬੰਦ ਕਰ ਦਿੱਤਾ ਗਿਆ ਅਤੇ ਝੂਲੇ ਦਾ ਮਾਲਕ ਫਰਾਰ ਹੋ ਗਿਆ। ਇਹ ਮੇਲਾ ਪਿੰਡ ਦੁਲਚੀਕੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਲਗਾਇਆ ਜਾਂਦਾ ਹੈ। ਜਿੱਥੇ ਹਜ਼ਾਰਾਂ ਲੋਕ ਪਹੁੰਚਦੇ ਹਨ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਇਸ ਮੇਲੇ ਨੂੰ ਕਰਵਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ। ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਹੀ ਮੇਲਾ ਲਗਾਇਆ ਗਿਆ।
ਮ੍ਰਿਤਕ ਅਮਨਦੀਪ ਸਿੰਘ ਝੂਲੇ ਦੇ ਪਲੇਟਫਾਰਮ ’ਤੇ ਡਿੱਗ ਪਿਆ ਅਤੇ ਝੂਲਾ ਉਸ ਦੇ ਉਪਰੋਂ ਲੰਘ ਗਿਆ
ਘਟਨਾ ਬਾਰੇ ਮ੍ਰਿਤਕ ਦੇ ਭਰਾ ਨੇ ਦੱਸਿਆ ਮ੍ਰਿਤਕ ਅਮਨਦੀਪ ਸਿੰਘ ਝੂਲੇ ਦੇ ਪਲੇਟਫਾਰਮ ’ਤੇ ਡਿੱਗ ਪਿਆ ਅਤੇ ਝੂਲਾ ਉਸ ਦੇ ਉਪਰੋਂ ਲੰਘ ਗਿਆ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਸਾਡੇ ਇੱਕ ਹੋਰ ਦੋਸਤ ਦੀ ਲੱਤ ਟੁੱਟ ਗਈ। ਇਸ ਤੋਂ ਇਲਾਵਾ ਮਰਨ ਵਾਲੇ ਦੋ ਹੋਰ ਬੱਚੇ ਵੀ ਸਨ, ਪਰ ਉਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਵੱਲੋਂ ਮ੍ਰਿਤਕ ਅਮਨਦੀਪ ਨੂੰ ਹਸਪਤਾਲ ਲਿਜਾਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕ ਦੇ ਭਰਾ ਮੰਗਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਦੀ ਉਮਰ ਕਰੀਬ 16 ਸਾਲ ਸੀ ਅਤੇ ਉਹ ਪਿੰਡ ਕਾਲੂਵਾਲਾ ਦਾ ਰਹਿਣ ਵਾਲਾ ਸੀ। ਉਸਦਾ ਇੱਕ ਹੋਰ ਭਰਾ ਗੁਰਪ੍ਰੀਤ ਹੈ ਜੋ ਬੀਏ ਦੀ ਪੜ੍ਹਾਈ ਕਰ ਰਿਹਾ ਹੈ। ਅਮਨਦੀਪ ਸਰਕਾਰੀ ਸਕੂਲ ਪਿੰਡ ਗੱਟੀ ਰਾਜੋਕੇ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਦੇ ਮਾਪੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ।