ਮੋਗਾ, 05 ਸਤੰਬਰ : ਅਧਿਆਪਕ ਦਿਵਸ ਮੌਕੇ ਮੋਗਾ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ‘ਚ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਦੁਨੀਆਂ ਵਿੱਚ ਸਭ ਤੋਂ ਪਵਿੱਤਰ ਕਿਰਦਾਰ ਹੈ ਤਾਂ ਉਹ ਅਧਿਆਪਕ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਲਈ ਗ੍ਰਾਟਾਂ ਦੀ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰ ਹਫਤੇ ਟੀਚਰ ਆਫ ਦਿ ਵੀਕ ਸਾਹਮਣੇ ਲਿਆਂਦੇ ਜਾਣਗੇ। ਕੈਬਨਿਟ ਮੰਤਰੀ ਬੈਂਸ ਨੇ ਯੋਗਦਾਨ ਅਤੇ ਸੰਘਰਸ਼ ਬਾਰੇ ਗੱਲ ਦੱਸਦਿਆਂ ਕਿਹਾ ਕਿ ਜਿਲ੍ਹਾ ਸੰਗਰਰ ‘ਚ ਇੱਕ ਅਧਿਆਪਕ ਜੋੜਾ ਜਿਸ ਨੇ ਆਪਣਾ ਪੂਰਾ ਜੀਵਨ ਸਕੂਲ ਅਤੇ ਬੱਚਿਆਂ ਨੂੰ ਦਿੱਤਾ, ਛੁੱਟੀ ਤੇ ਬਾਅਦ ਵੀ ਸਕੂਲ ਵਿੱਚ ਰਹਿ ਕੇ ਬੱਚਿਆਂ ਨੂੰ ਖਿਡਾਉਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਇਹ ਅਤੇ ਇਹੋ ਅਜਿਹੀਆਂ ਸੈਂਕੜੇ ਉਦਾਹਰਣਾਂ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ 14 ਮਹੀਨੇ ਦੇ ਕਾਰਜਕਾਲ ਵਿਚ 500 ਤੋਂ ਵੱਧ ਸਕੂਲਾਂ ਵਿਚ ਗਏ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਗ੍ਰਾਂਟਾਂ ਨਾ ਦੇ ਕੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕੀਤਾ ਪਰ ਟੀਚਰਾਂ ਨੇ ਆਪਣੀ ਨੇਕ ਕਮਾਈ ਤੇ ਆਪਣੇ ਲੋਕਾਂ ਦੀ ਮਦਦ ਨਾਲ ਸਕੂਲਾਂ ਨੂੰ ਸੰਵਾਰਿਆ।ਉਨ੍ਹਾਂ ਨੇ ਨਾਭਾ ਦੇ ਹਾਈ ਸਕੂਲ ਠੂਈ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਥੋਂ ਦੇ ਅਧਿਆਪਕ ਉਨ੍ਹਾਂ ਬੱਚਿਆਂ ਨੂੰ ਆਪਣੇ ਘਰ ਰੱਖ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦੇ ਹਨ ਜੋ ਗਰੀਬੀ ਕਾਰਨ ਪੜ੍ਹ ਨਹੀਂ ਪਾਉਂਦੇ। ਮੰਤਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਅਜਨਾਲਾ ਦਾ ਇਕ ਸਕੂਲ ਦੀਆਂ ਕਈ ਬੱਸਾਂ ਦੇਖੀਆਂ। ਉੁਨ੍ਹਾਂ ਨੂੰ ਲੱਗਾ ਕਿ ਇਹ ਕੋਈ ਨਿੱਜੀ ਸਕੂਲ ਹੋਵੇਗਾ ਪਰ ਪਤਾ ਲੱਗਾ ਕਿ ਉਹ ਟਪਿਆਲਾ ਦਾ ਸਰਕਾਰੀ ਕੰਨਿਆ ਸਕੂਲ ਹੈ। ਕਿਹਾ ਕਿ ਇਸ ਸਕੂਲ ਦੇ ਟੀਚਰਾਂ ਤੇ ਪ੍ਰਿੰਸੀਪਲ ਨੂੰ ਐਵਾਰਡ ਦਿੱਤਾ ਜਾ ਰਿਹਾ ਹੈ। ਉਨ੍ਹਾਂਕਿਹਾ ਕਿ ਜਦੋਂ ਉਹ ਉਸ ਸਕੂਲ ਗਏ ਤਾਂ ਪਤਾ ਲੱਗਾ ਕਿ ਇਸ ਸਕੂਲ ਵਿਚ ਸਿੱਖਿਆ ਦੇਣ ਦਾ ਤਰੀਕਾ ਇੰਨਾ ਪ੍ਰਭਾਵੀ ਹੈ ਕਿ ਆਸ-ਪਾਸ ਦੇ ਕਈ ਨਿੱਜੀ ਸਕੂਲ ਬੰਦ ਹੋ ਗਏ।