- ਛੱਤਬੀੜ ਦੇ ਅੰਦਰ ਕੁਆਰਟਰਾਂ ਦੇ ਪਾਣੀ ’ਚ ਘਿਰਨ ’ਤੇ ਪਾਣੀ ਦੀ ਕਰਵਾਈ ਨਿਕਾਸੀ
- ਛੱਤਬੀੜ ਦੇ ਬਾਹਰ ਪਾਣੀ ’ਚ ਘਿਰੇ 10 ਘਰਾਂ ਨੂੰ ਐਨ ਡੀ ਆਰ ਐਫ਼ ਰਾਹੀਂ ਬਾਹਰ ਕੱਢਣ ਦੀ ਤਿਆਰੀ
ਬਨੂੜ, 10 ਜੁਲਾਈ : ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਬਰਸਾਤ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਬਚਾਅ ਕਾਰਜਾਂ ਤਹਿਤ ਅੱਜ ਜਿੱਥੇ ਬਨੂੜ ਸ਼ਹਿਰ ਨੂੰ ਬਨੂੜ ਚੋਅ ਤੋਂ ਹੋਏ ਖਤਰੇ ’ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ ਉੱਥੇ ਛੱਤਬੀੜ ਦੇ ਅੰਦਰ ਕਰਮਚਾਰੀਆਂ ਦੇ ਕੁਆਰਟਰਾਂ ਦੇ ਪਾਣੀ ’ਚ ਘਿਰਨ ’ਤੇ ਵੀ ਤੁਰੰਤ ਕਾਰਵਾਈ ਕਰਦਿਆਂ ਪਾਣੀ ਦੀ ਨਿਕਾਸੀ ਕਰਵਾਈ ਗਈ। ਵਧੇਰੇ ਜਾਣਕਾਰੀ ਦਿੰਦਿਆਂ ਮੌਕੇ ’ਤੇ ਪੁੱਜੇ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਈ ਓ ਜ਼ੀਰਕਪੁਰ ਅਤੇ ਨਾਇਬ ਤਹਿਸੀਲਦਾਰ ਜ਼ੀਰਕਪੁਰ ਨੂੰ ਮੌਕੇ ’ਤੇ ਬੁਲਾ ਕੇ ਜਿੱਥੇ ਛੱਤਬੀੜ ਦੇ ਅੰਦਰ ਪਾਣੀ ’ਚ ਘਿਰੇ ਕਰਮਚਾਰੀਆਂ ਦੇ ਘਰਾਂ ਨੂੰ ਰੇਤ ਦੇ ਥੈਲੇ ਲਾ ਕੇ ਤੇ ਪਾਣੀ ਦੀ ਨਿਕਾਸੀ ਕਰਵਾ ਕੇ ਸੁਰੱਖਿਅਤ ਕੀਤਾ ਗਿਆ। ਉੁਨ੍ਹਾਂ ਦੱਸਿਆ ਕਿ ਛੱਤਬੀੜ ਦੀ ਡਾਇਰੈਕਟਰ ਵੱਲੋਂ ਡੀ ਸੀ ਆਸ਼ਿਕਾ ਜੈਨ ਪਾਸੋਂ ਇਸ ਲਈ ਮੱਦਦ ਮੰਗੀ ਗਈ ਸੀ। ਇਸ ਤੋਂ ਇਲਾਵਾ ਛੱਤਬੀੜ ਦੇ ਬਾਹਰ ਸਥਿਤ 10 ਘਰ ਜੋ ਕਿ ਮੀਂਹ ਦੇ ਪਾਣੀ ਦੇ ਘਿਰ ਗਏ ਸਨ, ਨੂੰ ਐਨ ਡੀ ਆਰ ਐਫ਼ ਬੁਲਾ ਕੇ ਪਾਣੀ ਤੋਂ ਬਾਹਰ ਸੁਰੱਖਿਅਤ ਲਿਆਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ਜ਼ਿਆਦਾ ਹੋਣ ਕਾਰਨ ਇਸ ਥਾਂ ’ਤੇ ਕਿਸ਼ਤੀ ਰਾਹੀਂ ਇਨ੍ਹਾਂ ਵਿਅਕਤੀਆਂ ਨੂੰ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਨੂੜ-ਲਾਂਡਰਾ ਡਰੇਨ ਜੋ ਬਨੂੜ ਨੇੜੇ ਦੋ ਥਾਂਵਾਂ ਤੋਂ ਪਾੜ ਪੈਣ ਕਾਰਨ ਬਨੂੜ ਸ਼ਹਿਰ ’ਚ ਪਾਣੀ ਭਰਨ ਦਾ ਖਤਰਾ ਖੜਾ ਹੋ ਗਿਆ ਸੀ, ਨੂੰ ਵੀ ਮੌਕੇ ’ਤੇ ਸੰਭਾਲ ਲਿਆ ਗਿਆ ਅਤੇ ਡਰੇਨੇਜ ਵਿਭਾਗ ਨੂੰ ਤੁਰੰਤ ਇਸ ’ਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰਜ਼ੀ ਤੌਰ ’ਤੇ ਇਸ ’ਤੇ ਰੇਤ ਦੇ ਬੈਗ ਲਗਾਏ ਗਏ ਹਨ ਤਾਂ ਪਾਣੀ ਬਾਹਰ ਨਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਡਰੇਨ ਦੇ ਪਾੜ ਨੂੰ ਭਰਨ ਲਈ ਅੱਜ ਰਾਤ ਭਰ ਮਜ਼ਬੂਤੀ ਕਾਰਜ ਕੀਤੇ ਜਾਣਗੇ ਤਾਂ ਜੋ ਬਨੂੜ ਸ਼ਹਿਰ ਨੂੰ ਸੁਰੱਖਿਅਤ ਰੱਖਿਆ ਜਾ ਸਕੇ।