ਫਰੀਦਕੋਟ 27 ਅਕਤੂਬਰ : ਝੋਨੇ ਅਤੇ ਬਾਸਮਤੀ ਦੀ ਵਾਢੀ ਦਾ ਸੀਜ਼ਨ ਜ਼ੋਰਾਂ ਤੇ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਇਸ ਵਾਰ ਪੂਰੀ ਸਖਤੀ ਨਾਲ ਪਰਾਲੀ ਸਾੜਨ ਦੇ ਮੁੱਦੇ ਨੂੰ ਵਿਚਾਰ ਰਿਹਾ ਹੈ। ਇਸ ਵਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਨਾਲ ਪ੍ਰਸ਼ਾਸਨ ਵੱਲੋਂ ਕੋਈ ਢਿੱਲ ਨਹੀਂ ਕੀਤੀ ਜਾਵੇਗੀ ਅਤੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਪੂਰੇ ਤਾਲਮੇਲ ਨਾਲ ਕੰਮ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਵਾਤਾਵਰਨ ਗੰਧਲਾ ਕਰਨ ਦੇ ਦੋਸ਼ ਹੇਠ ਸਖਤ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣਗੇ ਅਤੇ ਉਨ੍ਹਾਂ ਦੇ ਲੈਂਡ ਰਿਕਾਰਡ ਵਿੱਚ ਲਾਲ ਇੰਦਰਾਜ (ਰੈੱਡ ਐਂਟਰੀ) ਕੀਤੀ ਜਾਵੇਗੀ, ਜਿਸ ਨਾਲ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਆਪਣੀ ਜ਼ਮੀਨ ਨਾਲ ਸਬੰਧਤ ਲਾਭ ਲੈਣੇ ਮੁਸਕਿਲ ਹੋ ਜਾਣਗੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਰੇ ਸੈਟੇਲਾਈਟਾਂ ਦੀ ਖੇਤਾਂ 'ਤੇ ਨਿਗਾਹ ਹੈ, ਜੋ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੇਤਾਂ 'ਚ ਲਗਾਈ ਗਈ ਅੱਗ ਦੀ ਲਗਾਤਾਰ ਰਿਪੋਰਟ ਕਰ ਰਹੇ ਹਨ। ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੀ ਆਪਣੀਆਂ ਗਤੀਵਿਧੀਆਂ ਰਾਹੀਂ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗ੍ਰਿਤ ਕਰ ਰਿਹਾ ਹੈ ਅਤੇ ਪਰਾਲੀ ਨਾ ਸਾੜਨ ਦੀ ਮੁਹਿੰਮ ਨੂੰ ਜਨ ਲਹਿਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਣ ਵਾਲੇ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਿਕ ਸਨਮਾਨਿਤ ਕਰਕੇ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ। ਵਿਭਾਗ ਵਲੋਂ ਹੈਲਪ ਡੈਸਕ ਖੋਲੇ ਗਏ ਹਨ ਅਤੇ ਟੋਲ ਫਰੀ ਨੰਬਰ ਦਿੱਤੇ ਹੋਏ ਹਨ ਅਤੇ ਸਾਰੀਆਂ ਸਹਿਕਾਰੀ ਸਭਾਵਾਂ ਵਿੱਚ ਕਿਰਾਏ ਵਾਲੀ ਮਸ਼ੀਨਰੀ ਦੇ ਬੋਰਡ ਵੀ ਲਗਾਏ ਗਏ ਹਨ ਜਿਨਾਂ ਦੀ ਸਹਾਇਤਾ ਨਾਲ ਕਿਸਾਨ ਕੋਈ ਵੀ ਮਸ਼ੀਨ ਕਿਰਾਏ ਤੇ ਲੈ ਸਕਦਾ ਹੈ।