- 4 ਸਾਲਾਂ ਤੋਂ ਖੇਤਾਂ ਵਿੱਚ ਵਾਹ ਕੇ ਪਰਾਲੀ ਦਾ ਸੁਚੱਜੇ ਢੰਗ ਨਾਲ ਕਰ ਰਿਹੈ ਨਿਪਟਾਰਾ
ਫਾਜ਼ਿਲਕਾ 26 ਸਤੰਬਰ : ਪੰਜਾਬ ਸਰਕਾਰ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਨਾਲ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ । ਇੱਧਰ ਅਗਾਂਹਵਧੂ ਕਿਸਾਨ ਵਿਨੇ ਕੁਮਾਰ ਵੀ ਆਪਣੀ ਸੂਝ ਬੂਝ ਨਾਲ ਨਾ ਸਿਰਫ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾ ਰਿਹਾ ਹੈ ਬਲਕਿ ਨਾਲ ਹੀ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਕਰ ਰਿਹਾ ਹੈ ਤੇ ਪਿੰਡ ਵਾਸੀਆਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਵਿਨੇ ਕੁਮਾਰ ਪਿਛਲੇ 4 ਸਾਲਾਂ ਤੋਂ ਪਰਾਲੀ ਖੇਤਾਂ ਵਿੱਚ ਵਾਹ ਕੇ ਉਸ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕਰ ਰਿਹਾ ਹੈ। ਪਿੰਡ ਸੁੱਲਾ ਤਹਿਸੀਲ ਜਲਾਲਾਬਾਦ (ਬਲਾਕ ਗੁਰੁਹਰਸਹਾਏ) ਦੇ ਅਗਾਂਹਵਧੂ ਕਿਸਾਨ ਵਿਨੇ ਕੁਮਾਰ ਨੇ ਦੱਸਿਆ ਕਿ ਉਹ ਆਪਣੇ 15 ਏਕੜ ਰਕਬੇ ਵਿੱਚ ਪਿਛਲੇ 12 ਸਾਲਾਂ ਤੋਂ ਖੇਤੀ ਕਰ ਰਿਹਾ ਹੈ ਤੇ ਕੀਤੀ ਜਾ ਰਹੀ ਹੈ। ਖੇਤੀਬਾੜੀ ਵਿਭਾਗ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਹੁੰਦੇ ਨੁਕਸਾਨਾਂ ਤੋਂ ਪ੍ਰੇਰਿਤ ਹੋਣ ਉਪਰੰਤ ਉਸ ਨੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦਾ ਇਰਾਦਾ ਬਣਾ ਲਿਆ ਅਤੇ ਪਿਛਲੇ ਚਾਰ ਸਾਲ ਤੋਂ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਹੀ ਲਗਾਈ। ਸਗੋਂ ਸੁਪਰ ਸੀਡਰ ਅਤੇ ਜ਼ੀਰੋ ਡਰਿਲ ਆਦਿ ਆਧੁਨਿਕ ਖੇਤੀਬਾੜੀ ਸੰਦ ਵਰਤ ਕੇ ਪਰਾਲੀ ਨੂੰ ਜਮੀਨ ਵਿੱਚ ਹੀ ਜਜ਼ਬ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹ ਸਬਜ਼ੀਆਂ ਅਤੇ ਦਾਲਾਂ ਦੀ ਵੀ ਕਾਸ਼ਤ ਕਰ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਤਾਲਮੇਲ ਬਣਾਈ ਰੱਖਦੇ ਹਨ ਅਤੇ ਖੇਤੀ ਮਾਹਿਰਾਂ ਤੋਂ ਸਮੇਂ ਸਮੇਂ ਤੇ ਤਕਨੀਕੀ ਜਾਣਕਾਰੀ ਹਾਸਿਲ ਕਰਦੇ ਹਨ। ਇਸ ਤਰ੍ਹਾਂ ਸਮੇਂ ਦੀ ਮੰਗ ਅਤੇ ਭਵਿੱਖ ਦੀ ਲੋੜ ਅਨੁਸਾਰ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਦੀ ਉਪਜਾਊ ਸ਼ਕਤੀ ਲਈ ਆਪਣਾ ਫਰਜ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਫਸਲਾਂ ਦੀ ਰਹਿੰਦ ਖੁਹੰਦ ਨੂੰ ਖੇਤਾਂ ਵਿੱਚ ਸਾਂਭ ਕੇ ਵਾਤਾਵਰਨ ਤੇ ਧਰਤੀ ਦੀ ਸੰਭਾਲ ਵਿਚ ਵੱਡਮੁਲਾ ਯੋਗਦਾਨ ਦੇ ਰਹੇ ਹਨ।