- ਬਜ਼ਾਰ ਵਿੱਚੋਂ ਮਿਲਣ ਵਾਲੇ ਮਹਿੰਗੇ ਗੱਭ ਟੀਕਿਆਂ ਨਾਲੋਂ ਇਨ੍ਹਾਂ ਦੀ ਕੀਮਤ 80 ਫੀਸਦੀ ਤੋਂ ਵਧੇਰੇ ਘੱਟ
- ਜ਼ਿਲ੍ਹਾ ਮੋਗਾ ਦੇ ਸਾਰੇ ਪਸ਼ੂ ਹਸਪਤਾਲਾਂ/ਡਿਸਪੈਂਸਰੀਆਂ ਵਿੱਚ ਟੀਕੇ ਉਪਲੱਬਧ-ਡਾ. ਹਰਵੀਨ ਕੌਰ
ਮੋਗਾ, 25 ਸਤੰਬਰ : ਪੰਜਾਬ ਸਰਕਾਰ ਸੂਬੇ ਵਿੱਚ ਪਸ਼ੂ ਪਾਲਣ ਦੇ ਕਿੱਤੇ ਨੂੰ ਫਿਰ ਤੋਂ ਸੁਰਜੀਤ ਕਰਨ ਲਈ ਯਤਨਸ਼ੀਲ ਹੈ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ, ਪਸ਼ੂ ਪਾਲਣ ਦੇ ਧੰਦੇ ਨੂੰ ਹੋਰ ਮਜ਼ਬੂਤੀ ਦੇਣ ਲਈ ਢੁਕਵੇਂ ਕਦਮ ਚੁੱਕ ਰਿਹਾ ਹੈ ਜਿਸਦੀ ਲਗਾਤਾਰਾ ਵਿੱਚ ਹੁਣ ਸਰਕਾਰ ਵੱਲੋਂ ਸੈਕਸਡ ਸੋਰਟਡ ਸੀਮਨ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੈਕਸਡ ਸੋਰਟਡ ਸੀਮਨ ਪ੍ਰਤੀ ਉਤਸ਼ਾਹ ਵਧਣ ਨਾਲ ਪਸ਼ੂ ਪਾਲਕਾਂ ਦੀ ਆਰਥਿਕ ਸਥਿਤੀ ਵਿੱਚ ਮਜ਼ਬੂਤੀ ਆਵੇਗੀ ਅਤੇ ਪਸ਼ੂਆਂ ਦੀ ਨਸਲ ਸੁਧਾਰ, ਦੁੱਧ ਉਤਪਾਦਨ ਵਿੱਚ ਇਹ ਇੱਕ ਕ੍ਰਾਂਤੀਕਾਰੀ ਕਦਮ ਸਾਬਿਤ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਸੈਕਸਡ ਸੋਰਟਡ ਸਮੀਨ ਦਾ ਟੀਕਾ ਜ਼ਿਲ੍ਹਾ ਮੋਗਾ ਦੇ ਸਾਰੇ 54 ਸਰਕਾਰੀ ਪਸ਼ੂ ਹਸਤਪਾਲਾਂ ਅਤੇ 90 ਪਸ਼ੂ ਡਿਸਪੈਂਸਰੀਆਂ ਵਿੱਚ ਭਾਰੀ ਸਬਸਿਡੀ ਉੱਪਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਬਜ਼ਾਰ ਤੋਂ ਮਿਲਣ ਵਾਲੇ ਟੀਕਿਆਂ ਨਾਲੋਂ ਇਸ ਟੀਕੇ ਦਾ ਮੁੱਲ 80 ਫੀਸਦੀ ਤੋਂ ਵੀ ਵਧੇਰੇ ਘੱਟ ਹੈ ਜਿਸ ਨਾਲ ਪਸ਼ੂ ਪਾਲਕ ਦਾ ਖਰਚਾ ਵੀ ਘਟੇਗਾ ਅਤੇ ਉਸਨੂੰ ਕੱਟੀਆਂ/ਵੱਛੀਆਂ ਦੀ ਉੱਚ ਕੋਟੀ ਦੀ ਨਸਲ ਵੀ ਪ੍ਰਾਪਤ ਹੋਵੇਗੀ। ਇੰਨ੍ਹਾਂ ਹੀ ਨਹੀਂ ਪਸ਼ੂ ਪਾਲਣ ਵਿਭਾਗ ਦਾ ਇਹ ਵੀ ਦਾਅਵਾ ਹੈ ਕਿ ਇਨ੍ਹਾਂ ਟੀਕਿਆਂ ਨਾਲ ਪੈਦਾ ਹੋਈਆਂ ਕੱਟੀਆਂ ਅਤੇ ਵੱਛੀਆਂ ਵਿੱਚ ਦੁੱਧ ਉਤਪਾਦਨ ਦਾ ਵੀ ਵਾਧਾ ਹੋਵੇਗਾ। ਇਹ ਟੀਕੇ ਵਰਤਣ ਨਾਲ ਬੇਆਸਾਰਾ ਘੁੰਮ ਰਹੇ ਨਰ ਪਸ਼ੂਆਂ ਦੀ ਗਿਣਤੀ ਵਿੱਚ ਵੀ ਕਮੀ ਆ ਸਕੇਗੀ। ਡਾ. ਹਰਵੀਨ ਕੌਰ ਨੇ ਜ਼ਿਲ੍ਹਾ ਮੋਗਾ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਸੈਕਸਡ ਸੋਰਟਡ ਸੀਮਨ ਵਾਲੇ ਟੀਕਿਆਂ ਨੂੰ ਵਰਤਣ ਲਈ ਉਹ ਆਪਣੇ ਨਜ਼ਦੀਕੀ ਪਸ਼ੂ ਹਸਤਪਾਲ ਜਾਂ ਡਿਸਪੈਂਸਰੀਆਂ ਵਿੱਚ ਪਹੁੰਚ ਬਣਾਉਣ ਤਾਂ ਕਿ ਪਸ਼ੂਆਂ ਦੀ ਨਸਲ ਸੁਧਾਰ ਤੋਂ ਇਲਾਵਾ ਬਜ਼ਾਰ ਵਿੱਚੋਂ ਮਿਲਣ ਵਾਲੇ ਹਜ਼ਾਰਾਂ ਰੁਪਏ ਦੇ ਮਹਿੰਗੇ ਟੀਕਿਆਂ ਤੋਂ ਵੀ ਨਿਜਾਤ ਮਿਲ ਸਕੇ।