- ਵੱਡੀ ਗਿਣਤੀ 'ਚ ਵਲੰਟੀਅਰਾਂ ਵੱਲੋਂ ਵੀ ਕੀਤਾ ਗਿਆ ਖ਼ੂਨਦਾਨ
ਤਪਾ, 25 ਸਤੰਬਰ : ਦੋ ਅਕਤੂਬਰ ਤੱਕ ਚੱਲਣ ਵਾਲੀ ‘ਆਯੂਸ਼ਮਾਨ ਭਵ’ ਮੁਹਿੰਮ ਅਧੀਨ ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਖ਼ੂਨਦਾਨ ਕੈਂਪ ਅਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਖ਼ੁਦ ਖੂਨਦਾਨ ਕਰਕੇ ਲੋਕਾਂ ਨੂੰ ਮੁਸ਼ਕਿਲ ਸਮੇਂ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਵਲੰਟੀਅਰਾਂ ਵੱਲੋਂ ਵੀ ਖੂਨਦਾਨ ਕਰਦਿਆਂ ਮਨੁੱਖਤਾ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਗਿਆ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਵਾਲੀ ਸੋਚ ਨੂੰ ਅਪਣਾਉਂਦੇ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੜਕ ਦੁਰਘਟਨਾਵਾਂ ਦੌਰਾਨ ਵੀ ਬਹੁਤੀਆਂ ਜਾਨਾਂ ਸਿਰਫ ਸਮੇਂ ਸਿਰ ਖੂਨ ਨਾ ਮਿਲਣ ਕਾਰਨ ਅਜਾਈਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਂਦੀਆਂ ਹਨ ਇਸ ਲਈ ਹਰੇਕ ਨਾਗਰਿਕ ਦਾ ਇਹ ਮੁਢਲਾ ਫਰਜ਼ ਬਣਦਾ ਹੈ ਕਿ ਉਹ ਖੂਨਦਾਨ ਮੁਹਿੰਮ ਵਿੱਚ ਯੋਗਦਾਨ ਪਾਉਂਦੇ ਰਹਿਣ। ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਕਿਹਾ ਕਿ ਖੂਨਦਾਨ ਬਾਰੇ ਜਾਗਰੂਕਤਾ ਅਭਿਆਨ ਨੂੰ ਲੋਕ ਲਹਿਰ ਵਜੋਂ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਮੁਸੀਬਤ ਸਮੇਂ ਪੀੜਤ ਵਿਅਕਤੀਆਂ ਨੂੰ ਖੂਨ ਦੀ ਕਮੀ ਕਾਰਨ ਆਪਣੀ ਜਾਨ ਨਾ ਗੁਆਉਣੀ ਪਵੇ। ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਡਾ. ਕੰਵਲਜੀਤ ਸਿੰਘ ਬਾਜਵਾ, ਡਾ. ਗੁਰਪ੍ਰੀਤ ਸਿੰਘ ਮਾਹਲ, ਡਾ. ਗੁਰਸਾਗਰਦੀਪ ਸਿੰਘ, ਡਾ. ਸ਼ਿਖਾ ਅਗਰਵਾਲ, ਡਾ. ਤਨੂੰ ਸਿੰਗਲਾ, ਡਾ. ਸ਼ੀਤਲ ਬਾਂਸਲ ਡਾ. ਅਮਨਦੀਪ ਕੌਰ, ਡਾ. ਦੀਪਤੀ ਗੁਪਤਾ, ਬਲਾਕ ਐਜੂਕੇਟਰ ਜਸਪਾਲ ਜਟਾਣਾ, ਐਸ.ਆਈ. ਰਣਜੀਵ ਕੁਮਾਰ, ਜਗਦੇਵ ਸਿੰਘ, ਸਟਾਫ ਨਰਸ ਮਨਦੀਪ ਕੌਰ, ਜੂਨੀਅਰ ਸਹਾਇਕ ਬੂਟਾ ਸਿੰਘ, ਕੁਲਦੀਪ ਸਿੰਘ, ਕਮਲਦੀਪ ਸਿੰਘ ਐਲ.ਟੀ. ਆਦਿ ਹਾਜ਼ਰ ਸਨ।