ਲੁਧਿਆਣਾ 4 ਫ਼ਰਵਰੀ : ਪਿੰਡ ਝੱਮਟ ਵਿਖੇ ਦਲਿਤ ਨੌਜਵਾਨ ਤੇ ਹੋਏ ਅਣਮਨੁੱਖੀ ਤਸ਼ੱਦਦ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਐਸ.ਸੀ. ਕਮਿਸ਼ਨ ਪੰਜਾਬ ਮੈਂਬਰ ਪੂਨਮ ਕਾਂਗੜਾ ਦੀ ਸਖ਼ਤੀ ਤੋਂ ਬਾਅਦ ਫੈਕਟਰੀ ਮਾਲਕ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਅੱਜ ਪੁਲਿਸ ਥਾਣਾ ਮਲੌਦ ਵਿਖੇ ਐਸ ਸੀ/ਐਸ ਟੀ ਐਕਟ ਸਣੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਲਕਾ ਪਾਇਲ ਦੇ ਪਿੰਡ ਝੱਮਟ ਵਿਖੇ ਇੱਕ ਗੁਰਸਿੱਖ ਦਲਿਤ ਨੌਜਵਾਨ ਵਰਿੰਦਰਜੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਜੱਸੋਵਾਲ ਦੀ ਪਿੰਡ ਵਿੱਚ ਚੱਲ ਰਹੀ ਪੰਧੇਰ ਐਗਰੋ ਇੰਡਸਟਰੀਜ਼ ਵਿੱਚ ਫੈਕਟਰੀ ਮਾਲਕ ਸਮੇਤ ਚਾਰ ਵਿਅਕਤੀਆਂ ਵੱਲੋਂ ਫੈਕਟਰੀ ਵਿੱਚ ਬੰਦੀ ਬਣਾ ਕੇ ਕਥਿਤ ਅਣਮਨੁੱਖੀ ਤਸ਼ੱਦਦ ਕਰਦਿਆਂ ਕੁੱਟਮਾਰ ਕੀਤੀ ਗਈ। ਜਿਸ ਕਾਰਨ ਉਹ 31 ਜਨਵਰੀ ਤੋਂ ਮਲੌਦ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਜਿਸ ਸਬੰਧੀ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਐਸ ਸੀ ਵਰਗ ਨਾਲ ਸਬੰਧਤ ਹੈ ਜ਼ੋ ਉਕਤ ਫੈਕਟਰੀ ਵਿੱਚ ਕੰਮ ਕਰਦਾ ਸੀ ਜਿਸ ਸਬੰਧੀ ਉਹ ਲੈਬਰ ਦਾ ਹਿਸਾਬ ਕਿਤਾਬ ਕਰਨ ਲਈ ਫੈਕਟਰੀ ਵਿੱਚ ਗਿਆ ਸੀ ਜਿੱਥੇ ਉਸ ਨਾਲ ਫੈਕਟਰੀ ਦੇ ਮਾਲਕ ਸਣੇ ਚਾਰ ਵਿਅਕਤੀਆਂ ਨੇ ਉਸ ਨੂੰ ਕਥਿਤ ਤੌਰ ਤੇ ਬੰਦੀ ਬਣਾ ਕੇ ਜਿਥੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਉਥੇ ਹੀ ਉਸ ਨਾਲ ਅਣਮਨੁੱਖੀ ਤਸ਼ੱਦਦ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ 31 ਜਨਵਰੀ ਤੋਂ ਸਿਵਲ ਹਸਪਤਾਲ ਮਲੌਦ ਵਿਖੇ ਦਾਖਲ ਹਨ ਪਰੰਤੂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਸੀ ਜਿਸ ਨੂੰ ਲੈਕੇ ਉਨ੍ਹਾਂ ਵੱਲੋਂ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਸੀ ਪੀੜਤ ਨੌਜਵਾਨ ਨੇ ਕਿਹਾ ਕਿ ਪੂਨਮ ਕਾਂਗੜਾ ਦੀ ਬਦੌਲਤ ਹੀ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ।