ਮੁੱਲਾਂਪੁਰ ਦਾਖਾ, 6 ਸਤੰਬਰ (ਸਤਵਿੰਦਰ ਸਿੰਘ ਗਿੱਲ) : ਭਾਰਤ ਅਤੇ ਪਾਕਿਸਤਾਨ ਦਰਮਿਆਨ ਸੰਨ 1965 ਵਿੱਚ ਹੋਈ ਜੰਗ ਸਮੇਂ 6 ਸਤੰਬਰ ਵਾਲੇ ਦਿਨ ਪਾਕਿਸਤਾਨ ਵੱਲੋਂ ਕੀਤੀ ਗਈ ਹਵਾਈ ਬੰਬਬਾਰੀ ਦੌਰਾਨ ਪਿੰਡ ਬੜੈਚ ਦੇ ਜਾਨ ਵਾਰ ਗਏ 10 ਪੁਰਸ਼ ਅਤੇ ਮਹਿਲਾਵਾਂ ਨੂੰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਿੰਡ ਵਾਸੀਆਂ, ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਅੱਜ ਯਾਦ ਕੀਤਾ ਗਿਆ। ਇਸ ਦਿਨ ਦੀ ਮਹੱਤਵਪੂਰਨ ਜਾਣਕਾਰੀ ਦਿੰਦਿਆ ਪਿੰਡ ਵਾਸੀ ਅਤੇ ਪੱਤਰਕਾਰ ਸਤਿਨਾਮ ਸਿੰਘ ਬੜੈਚ ਨੇ ਦੱਸਿਆ ਕਿ ਸੰਨ 1965 ਦੀ ਲੜਾਈ ਨੂੰ 50 ਸਾਲ ਪੂਰੇ ਹੋਣ ’ਤੇ ਸਤੰਬਰ 2015 ਵਿੱਚ ਸਰਕਾਰੀ ਪੱਧਰ ’ਤੇ ਯਾਦ ਤਾਂ ਕੀਤਾ ਗਿਆ ਪਰ ਉਦੋਂ ਵੀ ਪਿੰਡ ਕੈਲਪੁਰ- ਬੜੈਚ ਵਿਖੇ ਪਾਕਿਸਤਾਨ ਵੱਲੋਂ ਕੀਤੀ ਬੰਬਬਾਰੀ ਨਾਲ ਹੋਏ ਜਾਨੀ ਮਾਲੀ ਨੁਕਸਾਨ ਦਾ ਜਿਕਰ ਤੱਕ ਨਹੀਂ ਸੀ ਕੀਤਾ ਗਿਆ ਅਤੇ ਨਾ ਹੀ ਕੋਈ ਅਜੇ ਤੱਕ ਇਸ ਘਟਨਾ ਬਾਰੇ ਸਰਕਾਰ ਵੱਲੋਂ ਕੋਈ ਯਾਦਗਾਰ ਬਣਾਉਣ ਲਈ ਸਪੈਸ਼ਲ ਗ੍ਰਾਂਟ ਦਿੱਤੀ ਗਈ। ਉਹਨਾਂ ਦੱਸਿਆ ਕਿ ਪਾਕਿਸਤਾਨੀ ਹਵਾਈ ਜਹਾਜ ਵਲੋਂ ਸੁੱਟਿਆ ਪਹਿਲਾ ਬੰਬ ਪਿੰਡ ਬੜੈਚ ਵਿਖੇ ਚੱਕੀ ਨੇੜੇ ਡਿੱਗਿਆ, ਜਿਸ ਨਾਲ 10 ਜਾਨਾਂ ਗਈਆਂ ਅਤੇ ਮਕਾਨ ਢਹਿ ਹੋ ਜਾਣ ਕਾਰਨ ਕੁੱਝ ਵਿਅਕਤੀ ਅਤੇ ਮਹਿਲਾਵਾਂ ਫੱਟੜ ਵੀ ਹੋਏ। ਦੂਜਾ ਬੰਬ ਗੁਆਂਢੀ ਪਿੰਡ ਕੈਲਪੁਰ ਦੇ ਸਕੂਲ ਕੋਲ ਸੁੱਟਿਆ। ਸ਼ਾਮ ਦਾ ਸਮਾਂ ਹੋਣ ਕਾਰਨ ਸਕੂਲ ਬੰਦ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ । ਤੀਜਾ ਬੰਬ ਖੇਤਾਂ ਵਿੱਚ ਸੁੱਟਿਆ ਗਿਆ । ਇਸ ਮੌਕੇ ’ਤੇ ਉੱਘੇ ਲੇਖਕ ਗੁਰਪ੍ਰੀਤ ਸਿੰਘ ਮੰਡਿਆਣੀ ਵੱਲੋਂ ਕੀਤੀ ਗਈ ਖੋਜ ਉਪਰੰਤ 2021 ਵਿੱਚ ਇੱਕ ਛਾਪੇ ਗਏ ਲੇਖ ਦੀਆਂ ਫੋਟੋ ਕਾਪੀਆਂ ਵੀ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਗਈਆਂ ਤਾਂ ਜੋ ਆਉਣ ਵਾਲੀ ਪੀੜ੍ਹੀ ਇਸ ਘਟਨਾ ਨੂੰ ਯਾਦ ਰੱਖ ਸਕੇ। ਇਸ ਮੌਕੇ ਸਰਪੰਚ ਤੇਜਿੰਦਰ ਸਿੰਘ, ਪੰਚ ਬਲਜੀਤ ਸਿੰਘ, ਅਧਿਆਪਕ ਗੁਰਲਾਲ ਸਿੰਘ, ਮਨਜੋਤ ਸਿੰਘ, ਮੈਡਮ ਪ੍ਰੀਤੀ ਮਹਾਜਨ ਅਤੇ ਸਕੂਲੀ ਵਿਦਿਆਰਥੀ ਹਾਜਰ ਸਨ।