ਮੋਗਾ, 18 ਅਕਤੂਬਰ : ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਸਬੰਧੀ ਸੂਚਨਾ ਦੇਣ ਲਈ ਸਕੂਲਾਂ/ਕਾਲਜਾਂ ਵਿੱਚ ਗਾਇਡੈਂਸ ਸੈਮੀਨਾਰ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਇੱਕ ਚੰਗਾ ਕਰੀਅਰ ਬਨਾਉਣ ਲਈ ਗਾਈਡੈਂਸ ਮਿਲ ਸਕੇ। ਇਸੇ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਮੋਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਰੋਲੀ ਭਾਈ ਵਿਖੇ ਇੱਕ ਵਿਸ਼ੇਸ਼ ਗਾਈਡੈਂਸ ਸੈਮੀਨਰ ਕਰਵਾਇਆ ਗਿਆ। ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਏਅਰ ਮੈਨ ਸਲੈਕਸ਼ਨ ਸੈਂਟਰ ਅੰਬਾਲਾ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਭਾਰਤੀ ਹਵਾਈ ਸੈਨਾ ਅਧੀਨ ਅਗਨੀਵੀਰ ਵਾਯੂ ਯੋਜਨਾ ਤਹਿਤ ਭਰਤੀ ਦੇ ਮੌਕਿਆਂ ਸਬੰਧੀ ਇਹ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਵਿੱਚ ਸਰਜੈਂਟ ਸ਼੍ਰੀ ਸੱਤਿਆਵੀਰ ਸਿੰਘ ਅਤੇ ਸਰਜੈਂਟ ਸ਼੍ਰੀ ਸੁਰੇਸ਼ ਵੱਲੋਂ ਵਿਦਿਆਰਥੀਆਂ ਨੂੰ ਇਸ ਭਰਤੀ ਦੇ ਯੋਗਤਾ, ਵਿਧੀ, ਮਾਪ-ਦੰਡ ਅਤੇ ਸ਼ਰਤਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਰੋਜ਼ਗਾਰ ਬਿਊਰੋ ਦੇ ਕਰੀਅਰ ਗਾਈਡੈਂਸ ਕਾਊਂਸਲਰ ਸ਼੍ਰੀ ਬਲਰਾਜ ਸਿੰਘ ਖਹਿਰਾ ਵੱਲੋਂ ਵਿਦਿਆਰਥੀਆਂ ਨੂੰ ਇਸ ਭਰਤੀ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਮਨਪ੍ਰੀਤ ਕੌਰ, ਪਰਮਜੀਤ ਸਿੰਘ ਬਲਾਕ ਕੋਆਡੀਨੇਟਰ ਗਾਈਡੈਂਸ ਅਤੇ ਜ਼ਿਲ੍ਹਾ ਗਾਈਡੈਂਸ ਕਾਊਸਲਰ ਜਗਜੀਤ ਜੀ ਹਾਜ਼ਰ ਸਨ।