- ਵਿਧਾਇਕ ਬੁੱਧ ਰਾਮ ਨੇ ਚਾਂਦਪੁਰਾ ਬੰਨ੍ਹ ਵਿਖੇ ਪਾਣੀ ਦੇ ਪੱਧਰ ਦੀ ਤਾਜ਼ਾ ਸਥਿਤੀ ਦਾ ਲਿਆ ਜਾਇਜ਼ਾ
ਮਾਨਸਾ, 10 ਜੁਲਾਈ : ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਹੜ੍ਹਾਂ ਦੀ ਕੁਦਰਤੀ ਆਫ਼ਤ ਵਿਚ ਹਰ ਕਿਸਮ ਦੀ ਸਹਾਇਤਾ ਲਈ ਯਤਨਸ਼ੀਲ ਹੈ। ਸਰਕਾਰ ਦੇ ਨੁਮਾਇੰਦੇ, ਮੰਤਰੀ ਅਤੇ ਅਧਿਕਾਰੀ ਇਸ ਘੜੀ ਵਿਚ ਲੋਕਾਂ ਕੋਲ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਚਾਂਦਪੁਰਾ ਬੰਨ੍ਹ ਤੇ ਘੱਗਰ ਦਰਿਆ ਦੇ ਪਾਣੀ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਨੇ ਇਸ ਮੌਕੇ ਹਾਜ਼ਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਟੀਮ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਇਸ ਔਖੀ ਕੁਦਰਤੀ ਆਫ਼ਤ ਦੀ ਘੜੀ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤੀ ਜਾਵੇ, ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਲੋਕਾਂ ਨੂੰ ਪੇਸ਼ ਆਉਣ ਵਾਲੀ ਸਮੱਸਿਆ ਨਾਲ ਨਿਪਟਣ ਦੇ ਅਗਾਉਂ ਲੋੜੀਂਦੇ ਪ੍ਰਬੰਧ ਤਿਆਰ ਰੱਖੇ ਜਾਣ। ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਭਾਵੇਂ ਘੱਗਰ ਦਰਿਆ ’ਤੇ ਲੱਗਿਆ ਚਾਂਦਪੁਰਾ ਬੰਨ੍ਹ (ਹਰਿਆਣਾ) ’ਚ ਹੈ ਪਰ ਇਸ ਦੇ ਟੁੱਟਣ ਕਾਰਨ ਜ਼ਿਆਦਾ ਨੁਕਸਾਨ ਪੰਜਾਬ ਦੇ ਪਿੰਡਾਂ ਦਾ ਹੁੰਦਾ ਹੈ। ਇਸ ਕਰਕੇ ਇਸ ਬੰਨ੍ਹ ’ਤੇ ਇੰਤਜ਼ਾਮ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸ਼ਨ ਦੀ ਨਿਗਰਾਨੀ ਹੇਠ ਸਬ-ਡਵੀਜ਼ਨ ਬੁਢਲਾਡਾ ਦੇ ਅਧਿਕਾਰੀਆਂ ਵੱਲੋਂ ਹੀ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਪੂਰੀ ਸਥਿਤੀ ’ਤੇ ਨਿਗਰਾਨੀ ਰੱਖ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਚੌਕਸੀ ਤਹਿਤ ਲੋਕਾਂ ਦੀ ਸੇਵਾ ਲਈ ਮੁਸਤੈਦ ਹੈ। ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਪ੍ਰਮੋਦ ਸਿੰਗਲਾ, ਡੀ.ਐਸ.ਪੀ. ਬੁਢਲਾਡਾ ਪ੍ਰਿਤਪਾਲ ਸਿੰਘ, ਥਾਣਾ ਬਰੇਟਾ ਮੁਖੀ ਬੂਟਾ ਸਿੰਘ, ਭੁਪਿੰਦਰ ਸਿੰਘ ਚੌਂਕੀ ਇੰਚਾਰਜ ਕੁੱਲਰੀਆਂ, ਡਰੇਨਜ਼ ਵਿਭਾਗ ਦੇ ਐਕਸੀਅਨ ਅਤੇ ਐਸ.ਡੀ.ਓ, ਸੁਖਵਿੰਦਰ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤੋਂ ਇਲਾਵਾ ਸਰਪੰਚ ਰਾਜਵੀਰ ਸਿੰਘ ਕੁੱਲਰੀਆਂ, ਆੜਤੀਆ ਐਸੋਸ਼ੀਏਸ਼ਨ ਬਰੇਟਾ ਦੇ ਪ੍ਰਧਾਨ ਕੇਵਲ ਸ਼ਰਮਾ, ਚਮਕੌਰ ਸਿੰਘ ਖੁਡਾਲ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।