- ਕਿਸਾਨ ਜਗਦੀਪ ਸਿੰਘ ਨਹੀਂ ਸਾੜ ਰਿਹਾ ਪਿਛਲੇ ਇਕ ਦਹਾਕੇ ਤੋਂ ਪਰਾਲੀ, ਹੋਰ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਕੀਤੀ ਅਪੀਲ
- ਪਰਾਲੀ ਦੀ ਤੂੜੀ ਵੇਚ ਕੇ ਲੈ ਰਹੇ ਹਨ ਮੁਨਾਫ਼ਾ
ਬਰਨਾਲਾ, 14 ਅਕਤੂਬਰ : ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਦੇ ਕਿਸਾਨ ਜਗਦੀਪ ਸਿੰਘ ਹੋਰਨਾਂ ਕਿਸਾਨਾ ਲਈ ਰਾਹ ਦਸੇਰਾ ਬਣਿਆ ਹੈ । ਉਹ ਪਿਛਲੇ ਇਕ ਦਹਾਕੇ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸ ਦਾ ਪ੍ਰਬੰਧਾਂ ਅਤੇ ਤੂੜੀ ਨੂੰ ਵੇਚ ਕੇ ਮੁਨਾਫ਼ਾ ਕਮਾ ਰਿਹਾ ਹੈ। ਕਿਸਾਨਾਂ ਲਈ ਪ੍ਰੇਰਨ ਸਰੋਤ ਬਣ ਚੁੱਕੇ ਹਨ, ਬਾਕੀ ਕਿਸਾਨਾਂ ਨੂੰ ਵੀ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ। ਕਿਸਾਨ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ 8-10 ਸਾਲਾਂ ਤੋਂ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾ ਰਿਹਾ ਬਲਕਿ ਮਸ਼ੀਨਾਂ ਦੀ ਸਹਾਇਤਾ ਨਾਲ ਪਰਾਲੀ ਤੋਂ ਤੂੜੀ ਬਣਾ ਕੇ ਵੇਚ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਇਸ ਨੂੰ ਵੇਚ ਕੇ ਉਸਨੇ ਮੁਨਾਫ਼ਾ ਕਮਾਇਆ ਹੈ, ਉੱਥੇ ਹੀ ਪਰਾਲੀ ਨੂੰ ਅੱਗ ਨਾ ਲਗਾ ਕੇ ਉਸਨੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਈ ਹੈ । ਨਾਲ ਹੀ ਮਿੱਤਰ ਕੀੜਿਆਂ ਨੂੰ ਵੀ ਬਚਾਇਆ ਹੈ ਅਤੇ ਵਾਤਾਵਰਣ ਗੰਦਲਾ ਹੋਣ ਤੋਂ ਬਚਾਇਆ ਹੈ । ਉਨ੍ਹਾਂ ਦੱਸਿਆ ਕਿ 9 - 10 ਸਾਲ ਪਹਿਲਾਂ ਉਨ੍ਹਾਂ ਇਸ ਗੱਲ ਦਾ ਇਹਸਾਸ ਹੋਇਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਉਠਦੇ ਧੂਏਂ ਕਾਰਨ ਉਨ੍ਹਾਂ ਦੇ ਆਸ ਪਾਸ ਕਈ ਲੋਕਾਂ ਨੂੰ ਦਮੇ ਦੀ ਸ਼ਿਕਾਇਤ ਹੋ ਰਹੀ ਸੀ। "ਉਸ ਤੋਂ ਬਾਅਦ ਮੈਂ ਇਹ ਫੈਸਲਾ ਲਿਆ ਕਿ ਮੈਂ ਆਪਣੇ ਖੇਤਾਂ ‘ਚ ਅੱਗ ਨਹੀਂ ਲਵਾਂਗਾ ਅਤੇ ਨਾ ਹੀ ਆਸ ਪਾਸ ਦੇ ਖੇਤਾਂ ‘ਚ ਲੱਗਣ ਦੇਵਾਂਗਾ," ਉਨ੍ਹਾਂ ਦੱਸਿਆ । ਜਗਦੀਪ ਸਿੰਘ ਆਪਣੇ 10 ਕਿੱਲੇ ਦੇ ਖੇਤਾਂ ‘ਚ ਖੇਤੀ ਤੋਂ ਇਲਾਵਾ 60 ਕਿੱਲੇ ਜ਼ਮੀਨ ਠੇਕੇ ਉੱਤੇ ਲਈ ਕੇ ਖੇਤੀ ਕਰਦਾ ਹੈ ।ਉਨ੍ਹਾਂ ਦੱਸਿਆ ਕਿ ਤੂੜੀ ਬਣਾਉਣ ਉਪਰੰਤ ਜੋ ਰਹਿੰਦ ਖੂੰਹਦ ਬਚ ਜਾਂਦੀ ਹੈ ਉਸ ਨੂੰ ਜ਼ਮੀਨ ਵਿੱਚ ਹੀ ਵਾਹ ਕੇ ਉਸ ਤੋਂ ਖਾਦ ਦਾ ਕੰਮ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਤੂੜੀ ਮੁੱਲਾਂਪੁਰ ਅਤੇ ਲੁਧਿਆਣਾ ਦੇ ਇਲਾਕਿਆਂ ‘ਚ 250 ਤੋਂ 300 ਪਾਰਟੀ ਕੁਇੰਟਲ ਦੇ ਹਿਸਾਬ ਨਾਲ ਬਿਕ ਜਾਂਦੀ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਖੇਤਾਂ ਚੋਂ ਮੁਨਾਫ਼ਾ ਕਮਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਤੂੜੀ ਦਾ ਸੀਜ਼ਨ ਦੇ ਹਿਸਾਬ ਨਾਲ ਰੇਟ ਮਿਲ ਜਾਂਦਾ ਹੈ ਅਤੇ ਫੈਕਟਰੀਆਂ ਵਾਲੇ ਟਰਾਲੀਆਂ ਰਾਹੀਂ ਖੇਤ ਤੋਂ ਹੀ ਤੂੜੀ ਲੈ ਜਾਂਦੇ ਹਨ। ਕਿਸਾਨ ਜਗਦੀਪ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਧੂਏਂ ਨਾਲ ਦੁਰਘਟਨਾਵਾਂ ਹੋਣ ਦਾ ਖਤਰਾ ਵੱਧਦਾ ਹੈ ਅਤੇ ਸਾਹ ਦੀਆਂ ਬਿਮਾਰੀ ਵੀ ਲੱਗ ਸਕਦੀਆਂ ਹਨ। ਇਸ ਲਈ ਉਨ੍ਹਾਂ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ।