ਲੁਧਿਆਣਾ, 23 ਸਤੰਬਰ 2024 : ਪੀ.ਏ.ਯੂ. ਵਿਚ ਹੋਏ ਸਾਦਾ ਪਰ ਪ੍ਰਭਾਵਸ਼ਾਲੀ ਸਮਾਰੋਹ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਮੋਟੇ ਅਨਾਜਾਂ ਬਾਰੇ ਇਕ ਕਿਤਾਬਚੇ ਨੂੰ ਲੋਕ ਅਰਪਿਤ ਕੀਤਾ। ਇਹ ਕਿਤਾਬਚਾ ਕੁਦਰਤ ਦੇ ਵਿਸ਼ੇਸ਼ ਉਪਹਾਰ ਵਜੋਂ ਮੋਟੇ ਅਨਾਜਾਂ ਨੂੰ ਖੇਤ ਤੋਂ ਖਾਣੇ ਦੀ ਮੇਜ਼ ਤੱਕ ਭਵਿੱਖ ਦੀ ਖੁਰਾਕ ਵਜੋਂ ਸਮਝਣ ਦਾ ਯਤਨ ਹੈ। ਭਵਿੱਖ ਵਿਚ ਮੰਡੀ ਦੀਆਂ ਲੋੜਾਂ ਅਨੁਸਾਰ ਮੋਟੇ ਅਨਾਜਾਂ ਦੇ ਪੋਸ਼ਣ ਮਹੱਤਵ ਬਾਰੇ ਇਸ ਕਿਤਾਬਚੇ ਵਿਚ ਅਹਿਮ ਜਾਣਕਾਰੀ ਪੇਸ਼ ਕੀਤੀ ਗਈ ਹੈ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿਹਤ ਅਤੇ ਵਾਤਾਵਰਨ ਦੇ ਲਿਹਾਜ਼ ਨਾਲ ਮੋਟੇ ਅਨਾਜਾਂ ਦਾ ਮਹੱਤਵ ਵਧਿਆ ਹੈ। ਖੁਰਾਕ ਵਿਚ ਪੋਸ਼ਕ ਤੱਤਾਂ ਸੰਬੰਧੀ ਜਾਣਕਾਰੀ ਸਧਾਰਨ ਲੋਕਾਂ ਦੇ ਵਿਹਾਰ ਦਾ ਹਿੱਸਾ ਬਣੀ ਹੈ। ਇਸ ਪੱਖ ਤੋਂ ਮੋਟੇ ਅਨਾਜਾਂ ਬਾਰੇ ਕਿਸੇ ਅਹਿਮ ਜਾਣਕਾਰੀ ਦਸਤਾਵੇਜ਼ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਇਹ ਕਿਤਾਬਚਾ ਪੰਜਾਬ ਅਤੇ ਆਸ ਪਾਸ ਦੇ ਰਾਜਾਂ ਦੇ ਸਧਾਰਨ ਲੋਕਾਂ ਨੂੰ ਮੋਟੇ ਅਨਾਜਾਂ ਦੀ ਵਰਤੋਂ ਅਤੇ ਉਹਨਾਂ ਦੇ ਸਿਹਤ ਸੰਬੰਧੀ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਦਾ ਕਾਰਜ ਕਰੇਗਾ। ਕਿਤਾਬਚੇ ਵਿਚ ਪੰਜਾਬ ਵਿਚ ਮੋਟੇ ਅਨਾਜਾਂ ਦੀ ਕਾਸ਼ਤ ਬਾਰੇ ਪੰਛੀ ਝਾਤ ਪੁਆਈ ਗਈ ਹੈ ਅਤੇ ਰਾਜ ਦੇ ਖੇਤੀ ਦਿ੍ਰਸ਼ ਵਿਚ ਮੋਟੇ ਅਨਾਜਾਂ ਦੇ ਮੌਜੂਦਾ ਦਿ੍ਰਸ਼ ਅਤੇ ਭਵਿੱਖ ਦੀ ਯੋਜਨਾਬੰਦੀ ਬਾਰੇ ਵੀ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਰਾਸ਼ਟਰੀ ਭੋਜਨ ਸੁਰੱਖਿਆ ਮਿਸ਼ਨ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਇਸ ਦਿਸ਼ਾ ਵਿਚ ਕੀਤੇ ਕਾਰਜਾਂ ਬਾਰੇ ਵੀ ਕਈ ਮਹੱਤਵਪੂਰਨ ਜਾਣਕਾਰੀਆਂ ਇਸ ਕਿਤਾਬਚੇ ਵਿਚ ਦਰਜ ਹਨ। ਇਸ ਵਿਚ ਕਿਸਾਨਾਂ, ਕਿਸਾਨ ਉਤਪਾਦਕ ਸੰਗਠਨਾਂ, ਵਪਾਰੀਆਂ, ਅਯਾਤਕਾਂ ਅਤੇ ਮੋਟੇ ਅਨਾਜਾਂ ਦੇ ਮੰਡੀਕਰਨ ਸੰਬੰਧੀ ਵੀ ਤੱਥ ਪੇਸ਼ ਹੋਏ ਹਨ। ਇਸਦੇ ਨਾਲ ਹੀ ਵੱਖ-ਵੱਖ ਕਿਸਮਾਂ ਦੇ ਮਹੱਤਵ ਅਤੇ ਪੰਜਾਬ ਦੇ ਫਸਲੀ ਚੱਕਰਾਂ ਵਿਚ ਕਾਸ਼ਤ ਦੀਆਂ ਸੰਭਾਵਨਾਵਾਂ ਬਾਰੇ ਨਿੱਠ ਕੇ ਚਰਚਾ ਹੋਈ ਹੈ। ਪੀ.ਏ.ਯੂ. ਦੇ ਬਿਜਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਇਸ ਕਿਤਾਬਚੇ ਨੂੰ ਬਹੁਤ ਵਿਸਥਾਰ ਨਾਲ ਜਾਣਕਾਰੀ ਅਤੇ ਅਗਵਾਈ ਦੇਣ ਵਾਲਾ ਦਸਤਾਵੇਜ਼ ਕਿਹਾ। ਉਹਨਾਂ ਕਿਹਾ ਕਿ ਇਸਦਾ ਉਦੇਸ਼ ਕਿਸਾਨਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਾ ਕੇ ਲੋੜਾਂ ਅਨੁਸਾਰ ਤਿਆਰ ਕਰਨਾ ਹੈ। ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਬਰੀਡਰ ਡਾ. ਰੁਚਿਕਾ ਭਾਰਦਵਾਜ, ਕਾਰੋਬਾਰ ਗੁਰੂ ਡਾ. ਮਾਰੀਆ ਅਫਜ਼ਲ, ਬਿਜ਼ਨਸ ਸਟੱਡੀਜ਼ ਸਕੂਲ ਦੇ ਖੋਜਾਰਥੀ ਅਲੀਸ਼ਾ ਕੌਰ ਨੇ ਇਸ ਦਸਤਾਵੇਜ਼ ਦੀ ਤਿਆਰੀ ਵਿਚ ਅਹਿਮ ਭੂਮਿਕਾ ਨਿਭਾਈ। ਵਿਸ਼ੇਸ਼ ਗੱਲ ਇਹ ਹੈ ਕਿ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਇਸ ਵਿਚ ਮੋਟੇ ਅਨਾਜਾਂ ਦੀ ਕਾਸ਼ਤ, ਪ੍ਰੋਸੈਸਿੰਗ, ਮੰਡੀਕਰਨ ਅਤੇ ਕਾਰੋਬਾਰ ਖੇਤਰ ਦੇ ਲੋਕਾਂ ਲਈ ਵੀ ਭਰਪੂਰ ਜਾਣਕਾਰੀ ਹੈ। ਨਾਲ ਹੀ ਸਰਕਾਰੀ ਅਤੇ ਕਾਰਪੋਰੇਟ ਸੁਸਾਇਟੀਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਖਲਾਈਆਂ, ਕਿਸਾਨਾਂ ਲਈ ਮੰਡੀਕਰਨ ਦੀ ਨੀਤੀਆਂ ਆਦਿ ਮੁਹੱਈਆ ਕਰਾ ਕੇ ਇਹ ਕਿਤਾਬਚਾ ਵੱਖ-ਵੱਖ ਧਿਰਾਂ ਨੂੰ ਇਕ ਮੰਚ ਤੇ ਲਿਆਉਣ ਦਾ ਕਾਰਜ ਕਰਦਾ ਹੈ।