- ਨੌਜਵਾਨਾਂ ਨੂੰ ਵਿਰਸੇ ਅਤੇ ਪੁਰਾਣਿਕ ਪਰੰਪਰਾਵਾਂ ਦੇ ਬਾਰੇ ਜਾਣਕਾਰੀ ਦੇਣ ਲਈ ਸੱਭਿਆਚਾਰਕ ਪ੍ਰੋਗਰਾਮਾਂ ਦਾ ਵੀ ਕੀਤਾ ਆਯੋਜਨ
ਮੋਗਾ, 18 ਅਕਤੂਬਰ : ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ''ਮੇਰੀ ਮਿੱਟੀ ਮੇਰਾ ਦੇਸ਼'' ਮੁਹਿੰਮ ਨੂੰ ਸਮਰਪਿਤ ਬਲਾਕ ਪੱਧਰੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਨੋਰਥ ਜ਼ੋਨ ਕਲਾ ਕੇਂਦਰ ਪਟਿਆਲਾ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਸਹਿਯੋਗ ਨਾਲ ਆਯੋਜਿਤ ਇਨ੍ਹਾਂ ਪ੍ਰੋਗਰਾਮਾਂ ਵਿੱਚ ਬਲਾਕ ਪੱਧਰ ਤੇ ਵੱਖ-ਵੱਖ ਪਿੰਡਾਂ ਤੋਂ ਇਕੱਠੀ ਕੀਤੀ ਗਈ ਮਿੱਟੀ ਨੂੰ ਬਲਾਕ ਪੱਧਰ ਤੇ ਇਕੱਤਰ ਕਰਕੇ ਅਗਲੇਰੇ ਪੜਾਅ ਲਈ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਨੋਡਲ ਅਫ਼ਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬਾਘਾਪੁਾਣਾ ਬਲਾਕ ਦਾ ਪ੍ਰੋਗਰਾਮ ਪਿੰਡ ਮਾੜੀਮੁਸਤਫਾ, ਨਿਹਾਲ ਸਿੰਘ ਵਾਲਾ ਬਲਾਕ ਦਾ ਪ੍ਰੋਗਰਾਮ ਪਿੰਡ ਸੈਦੋਕੇ, ਧਰਮਕੋਟ ਬਲਾਕ ਦਾ ਪ੍ਰੋਗਰਾਮ ਪਿੰਡ ਜਲਾਲਾਬਾਦ ਅਤੇ ਮੋਗਾ ਦੇ ਬਲਾਕਾਂ ਦੇ ਪ੍ਰੋਗਰਾਮ ਸਥਾਨਕ ਸ਼ਹਿਰ ਵਿਖੇ ਹੀ ਆਯੋਜਿਤ ਕੀਤੇ ਗਏ। ਇਸ ਮੌਕੇ ਨਹਿਰੂ ਯੁਵਾ ਕੇਂਦਰ ਮੋਗਾ ਨਾਲ ਸਬੰਧਿਤ ਵਲੰਟੀਅਰ ਅਤੇ ਯੂਥ ਕਲੱਬਾਂ ਦੇ ਮੈਂਬਰ ਆਪਣੇ ਆਪਣੇ ਪਿੰਡਾਂ ਵਿੱਚੋਂ ਇਕੱਠੀ ਕੀਤੀ ਗਈ ਮਿੱਟੀ ਨੂੰ ਬਲਾਕ ਪੱਧਰ ਤੇ ਮਟਕਿਆਂ ਵਿੱਚ ਪਾ ਕੇ ਲੈਕੇ ਆਏ। ਇਸ ਮੌਕੇ ਇੰਨ੍ਹਾਂ ਮਟਕਿਆਂ ਨੂੰ ਹੱਥਾਂ ਵਿੱਚ ਲੈਕੇ ਵਲੰਟੀਅਰ ਅਤੇ ਪ੍ਰਬੰਧਕਾਂ ਵੱਲੋਂ ਕਲਸ਼ ਯਾਤਰਾਵਾਂ ਵੀ ਕੱਢੀਆਂ ਗਈਆਂ। ਨੌਜਵਾਨਾਂ ਨੂੰ ਵਿਰਸੇ ਅਤੇ ਪੁਰਾਣਿਕ ਪਰੰਪਰਾਵਾਂ ਦੇ ਬਾਰੇ ਜਾਣਕਾਰੀ ਦੇਣ ਲਈ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਮਲਵਈ ਗਿੱਧਾ, ਕਵੀਸ਼ਰੀ, ਬਾਜ਼ੀਗਰਾਂ ਦੀ ਬਾਜ਼ੀ, ਪੁਰਾਤਨ ਲੋਕ ਗਾਇਕੀ ਤੂੰਬਾ-ਅਲਗੋਜਾ, ਨੁੱਕੜ ਨਾਟਕ, ਭੰਡ ਅਤੇ ਲੋਕ ਬੋਲੀਆਂ ਦੀ ਵੀ ਸਫਲ ਪੇਸ਼ਕਾਰੀ ਕੀਤੀ ਗਈ। ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਦੂਰੋਂ ਆਏ ਹੋਏ ਕਲਾਂਕਾਰਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ। ਬਾਘਾਪੁਰਾਣਾ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਮਿਤ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਾਵਾਨਾਂ ਵਿੱਚ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਭਾਵਨਾ ਨੂੰ ਉਜਾਗਰ ਕਰਨਗੇ। ਇਸ ਤੋਂ ਇਲਾਵਾ ਜਲਾਲਾਬਾਦ ਵਿਖੇ ਲੀਡ ਬੈਂਕ ਅਫਸਰ ਚਰਨਜੀਵ ਸਿੰਘ ਨੇ ਵੀ ਨੌਜਵਾਨਾਂ ਨੂੰ ਕਲਸ਼ ਯਾਤਰਾ ਲਈ ਪ੍ਰੇਰਿਤ ਕੀਤਾ। ਕਲਸ਼ ਯਾਤਰਾ ਦੇ ਦੌਰਾਨ ਮਲਵਈ ਗਿੱਧੇ ਦੀ ਟੀਮ ਨੇ ਬੋਲੀਆਂ ਪਾਕੇ ਖੂਬ ਰੰਗ ਬੰਨਿਆ। ਇਸ ਮੌਕੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਜੋਗਿੰਦਰ ਸਿੰਘ, ਪ੍ਰਦੀਪ ਰਾਏ, ਵਲੰਟੀਅਰ ਗੁਰਭੇਜ ਸਿੰਘ, ਰਾਧੇ ਸ਼ਾਮ, ਰਛਪਾਲ ਸਿੰਘ, ਕੀਰਤੀ ਕਿਰਪਾਲ ਜ਼ਿਲ੍ਹਾ ਭਾਸ਼ਾ ਅਫਸਰ, ਗੁਰਨੂਰ ਸਿੰਘ, ਕਮਲਜੀਤ ਸਿੰਘ ਪ੍ਰਧਾਨ ਆਜ਼ਾਦ ਯੂਥ ਕਲੱਬ ਸੈਦੋਕੇ, ਜੇ.ਐੱਸ ਬੇਦੀ, ਐੱਸ.ਐਫ.ਸੀ. ਆਈ ਟੀ ਆਈ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਸੇਖੋਂ, ਜਸਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲਾਂ, ਕਾਲਜਾਂ ਅਤੇ ਆਈ.ਟੀ.ਆਈ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।