- ਲੋਕਾਂ ਦੇ ਕੰਮ ਪਹਿਲ ਦੇ ਆਧਾਰ ਉੱਤੇ ਕੀਤੇ ਜਾਣੇ ਯਕੀਨੀ ਬਣਾਏ ਜਾਣ
- ਕਿਹਾ, ਜਿਹੜੇ ਅਧਿਕਾਰੀ ਤੇ ਕਰਮਚਾਰੀ ਆਪਣੇ ਕੰਮਾਂ ਵਿਚ ਢਿੱਲ ਵਰਤ ਰਹੇ ਹਨ, ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ
- ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ ਵੱਖ ਵਿਭਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਫ਼ਤਹਿਗੜ੍ਹ ਸਾਹਿਬ, 19 ਅਕਤੂਬਰ : ਜ਼ਿਲ੍ਹੇ ਅੰਦਰ ਚੱਲ ਰਹੇ ਐਮ.ਪੀ. ਲੈਡ ਦੇ ਪ੍ਰੋਜੈਕਟਾਂ ਸਮੇਤ ਸਮੁੱਚੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਅਨੁਸਾਰ ਪੂਰਾ ਕਰਨ ਲਈ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਇਸ ਸਬੰਧੀ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਕੀਤੀ ਮਹੀਨਾਵਾਰ ਮੀਟਿੰਗ ਦੌਰਾਨ ਦਿੱਤੇ। ਡਿਪਟੀ ਕਮਿਸ਼ਨਰ ਨੇ ਅਧੀਕਾਰੀਆਂ ਨੂੰ ਕਿਹਾ ਕਿ ਲੋਕਾਂ ਦਾ ਕੰਮ ਪਹਿਲ ਦੇ ਆਧਾਰ ਉੱਤੇ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿਕੱਤ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਜਿਹੜੇ ਅਧਿਕਾਰੀ ਤੇ ਕਰਮਚਾਰੀ ਆਪਣੇ ਕੰਮਾਂ ਵਿਚ ਢਿੱਲ ਵਰਤ ਰਹੇ ਹਨ, ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਲਈ ਜਿਹੜੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਨੀਆਂ ਹਨ, ਉਹਨਾਂ ਸਬੰਧੀ ਜਲਦੀ ਤੋਂ ਜਲਦੀ ਥਾਵਾਂ ਦੀ ਪਛਾਣ ਕੀਤੀ ਜਾਵੇ ਤੇ ਕੰਮ ਸ਼ੁਰੂ ਕੀਤਾ ਜਾਵੇ। ਸ਼੍ਰੀਮਤੀ ਸ਼ੇਰਗਿੱਲ ਨੇ ਅਧੀਕਾਰੀਆਂ ਨੂੰ ਇਹ ਵੀ ਕਿਹਾ ਕਿ ਪਿੰਡਾਂ ਵਿਚ ਸੌਲਿਡ ਵੇਸਟ ਮੈਨੇਜਮੈਂਟ ਤਹਿਤ ਕਾਰਜ ਤੇਜ਼ ਕੀਤੇ ਜਾਣ, ਜਿਹੜੇ ਪਿੰਡਾਂ ਵਿਚ ਹਾਲੇ ਵੀ ਕੰਮ ਸ਼ੁਰੂ ਨਹੀਂ ਉਥੇ ਇਹ ਕਾਰਜ ਫੌਰੀ ਸ਼ੁਰੂ ਕਰਵਾਏ ਜਾਣ। ਪਿੰਡਾ ਵਿੱਚ ਚੱਲ ਰਹੇ ਖੇਡ ਮੈਦਾਨਾਂ ਦਾ ਕੰਮ ਵੀ ਜਲਦ ਨੇਪਰੇ ਚਾੜ੍ਹਿਆ ਜਾਵੇ ਤੇ ਨਵੇਂ ਬਣਾਏ ਜਾਣ ਵਾਲੇ ਖੇਡ ਮੈਦਾਨਾਂ ਲਈ ਹੋਰ ਥਾਵਾਂ ਦੀ ਵੀ ਪਛਾਣ ਕੀਤੀ ਜਾਵੇ। ਇਸ ਮੌਕੇ ਉਹਨਾਂ ਨੇ ਵੱਖੋ ਵੱਖ ਸ਼ਹਿਰੀ ਖੇਤਰਾਂ ਵਿੱਚ ਚੱਲ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਤੇ ਲੋੜੀਂਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਸਬੰਧੀ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਸਿੰਘ ਧਾਲੀਵਾਲ, ਡੀ.ਡੀ.ਪੀ.ਓ. ਸ਼੍ਰੀ ਹਿਤੇਨ ਕਪਿਲਾ ਸਮੇਤ ਵੱਖੋ ਵੱਖ ਅਧਿਕਾਰੀ ਹਾਜ਼ਰ ਸਨ।