- ਹੈਪਾਟਾਇਟਸ ਬੀ ਅਤੇ ਸੀ ਦੀ ਜਾਂਚ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤੀ ਜਾਂਦੀ ਹੈ:ਡਾ ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ, 13 ਅਗਸਤ 2024 : ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਅੱਜ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਨਾਲ ਸਬੰਧਤ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਐਨ.ਜੀ.ਓ. ਦੇ ਸਟਾਫ ਨੂੰ ਹੈਪਾਟਾਇਟਸ ਸਬੰਧੀ ਜਾਗਰੁਕ ਕਰਨ ਲਈ ਦਫਤਰ ਸਿਵਲ ਸਰਜਨ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਹੈਪੇਟਾਈਟਸ ਜਿਗਰ ਦੀ ਇੰਨਫੈਕਸ਼ਨ ਹੈ ਜੋ ਕਿ ਵਾਇਰਸ ਰਾਹੀਂ ਫੈਲਦੀ ਹੈ। ਪੰਜ ਕਿਸਮਾਂ ਦੇ ਵਿਸ਼ਾਣੂਆਂ ਤੋਂ ਲੋਕ ਸੰਕਰਮਿਤ ਹੋ ਜਾਂਦੇ ਹਨ ਜੋ ਕੀ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਹਨ। ਇਸ ਵਿਚੋਂ ਹੈਪੇਟਾਈਟਸ ਸੀ ਅਤੇ ਬੀ ਜਿਆਦਾ ਖ਼ਤਰਨਾਕ ਹਨ ਜਿਨ੍ਹਾਂ ਦਾ ਟੈਸਟ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉਣ ਤੋਂ ਪਹਿਲਾਂ, ਦੰਦਾ ਦਾ ਇਲਾਜ਼ ਕਰਵਾਉਣ ਸਮੇਂ, ਖੂਨ ਦਾਨ ਕਰਨ ਮੌਕੇ, ਸਾਰੀਆਂ ਗਰਭਵਤੀ ਔਰਤਾਂ ਨੂੰ, ਟੈਟੂ ਖੁਦਵਾਉਣ ਤੋਂ ਪਹਿਲਾਂ, ਡਾਇਲਾਸਿਸ ਕਰਵਾਉਣ ਮੌਕੇ ਅਤੇ ਹੈਲਥ ਕੇਅਰ ਪਰਸੋਨਲ ਨੂੰ ਆਪਣਾ ਹੈਪਾਟਾਇਟਸ ਬੀ ਅਤੇ ਸੀ ਦਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਦਾ ਸਮੇਂ ਰਹਿੰਦਿਆਂ ਪਤਾ ਲੱਗ ਸਕੇ ਅਤੇ ਪ੍ਰਹੇਜ ਅਤੇ ਸਮੇਂ ਸਿਰ ਇਲਾਜ ਨਾਲ ਬੀਮਾਰੀ ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੀਆਂ ਗਰਭਵਤੀ ਔਰਤਾਂ ਨੂੰ ਗਰਭ ਦੋਰਾਨ ਆਪਣਾ ਹੈਪਾਟਾਇਟਸ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਗਰਭਵਤੀ ਔਰਤ ਹੈਪਾਟਾਇਟਸ ਬੀ ਪਾਜ਼ੀਟਿਵ ਹੈ ਤਾਂ ਜਨੇਪੇ ਸਮੇਂ ਉਸਦੇ ਨਵ ਜਨਮੇ ਬੱਚੇ ਨੂੰ ਤੁਰੰਤ 12 ਘੰਟੇ ਦੇ ਅੰਦਰ ਅੰਦਰ ਇਮੀਊਨੋ ਗਲੋਬਿਨ (ਐਚ.ਬੀ.ਆਈ.ਜੀ.) ਟੀਕਾ ਜਰੂਰ ਲਗਵਾਉਣ ਚਾਹੀਦਾ ਹੈ। ਜੋ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫਤ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਉਸਦੇ ਨਵ ਜਨਮੇ ਬੱਚੇ ਨੂੰ ਹੈਪਾਟਾਇਟਸ ਬੀ ਬਰਥ ਡੋਜ਼ 24 ਘੰਟਿਆਂ ਦੇ ਅੰਦਰ ਅੰਦਰ ਪਹਿਲ ਦੇ ਅਧਾਰ ਤੇ ਲਗਵਾਉਣੀ ਚਾਹੀਦੀ ਹੈ। ਇਸ ਮੌਕੇ ਡਾ. ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ ਨੇ ਕਿਹਾ ਕਿ ਹੈਪੇਟਾਈਟਸ ਸੀ ਅਤੇ ਬੀ ਦਾ ਇਲਾਜ,ਟੈਸਟ ਅਤੇ ਵਾਇਰਲ ਲੋਡ ਟੈਸਟ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਅਤੇ ਮਰੀਜ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਚ ਹੁਣ ਤੱਕ ਹੈਪਾਟਇਟਸ ਸੀ ਦੇ 8837 ਮਰੀਜ ਆਪਣਾ ਮੁਫਤ ਇਲਾਜ ਕਰਵਾ ਸਕਦੇ ਹਨ ਅਤੇ ਹੈਪਾਟਾਇਟਸ ਬੀ ਦੇ 126 ਮਰੀਜਾਂ ਦਾ ਮੁਫਤ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਪੇਟਾਈਟਸ- ਬੀ ਅਤੇ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਇਸਦੀ ਚਪੇਟ ਵਿੱਚ ਜਦੋਂ ਕੋਈ ਵਿਅਕਤੀ ਆਉਂਦਾ ਹੈ ਤਾਂ ਉਸ ਵਿੱਚ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਕਮੋਜਰੀ, ਉਲਟੀਆਂ ਆਉਣਾ ਅਤੇ ਭੁੱਖ ਨਹੀਂ ਲਗਣਾ ਆਦਿ ਲੱਛਣ ਨਜ਼ਰ ਆਉਂਦੇ ਹਨ, ਜਿਸ ਨਾਲ ਜਿਗਰ ਦੀ ਸੋਜ ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ। ਜੇਕਰ ਸਮੇਂ ਸਿਰ ਟੈਸਟ ਕਰਵਾ ਕੇ ਇਨ੍ਹਾਂ ਬਿਮਾਰੀਆਂ ਦਾ ਇਲਾਜ ਨਹੀਂ ਕਰਵਾਇਆ ਜਾਂਦਾ ਤਾਂ ਇਹ ਬਿਮਾਰੀਆਂ ਜਾਣਲੇਵਾ ਸਾਬਿਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹੈਲਥ ਕੇਅਰ ਵਰਕਰ ਅਤੇ ਹਾਈ ਰਿਸਕ ਗਰੁੱਪ ਨੂੰ ਹੈਪਾਟਾਇਟਸ ਬੀ ਤੋਂ ਬਚਣ ਲਈ ਹੈਪਾਟਾਇਟਸ ਬੀ ਦੀ ਵੈਕਸੀਨੇਸ਼ਨ ਜਰੂਰ ਕਰਵਾਉਣੀ ਚਾਹੀਦੀ ਹੈ ਜੋ ਕਿ ਇਕ ਮਹੀਨੇ ਫਰਕ ਨਾਲ ਦੋ ਟੀਕੇ ਲਗਵਾਉਣ ਤੋਂ ਬਾਅਦ ਤੀਜਾ ਟੀਕਾ 6 ਮਹੀਨੇ ਬਾਦ ਲਗਵਾਉਣਾ ਹੈ ਅਤੇ ਇਸ ਤੋਂ ਬਾਅਦ ਹਰ ਪੰਜ ਸਾਲ ਬਾਅਦ ਬੂਸਟਰ ਡੋਜ਼ ਲਗਵਾਉਣੀ ਹੈ ਜਿਸ ਨਾਲ ਇਸ ਬੀਮਾਰੀ ਤੋਂ ਬਚ ਸਕਦੇ ਹਾਂ। ਇਸ ਮੌਕੇ ਡਾ. ਕੁਲਤਾਰ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਭਗਵਾਨ ਦਾਸ, ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ, ਸ਼੍ਰੀਕੇਸ਼ ਕੁਮਾਰ ਡੀ.ਆਰ.ਪੀ. ਜਿਲ੍ਹਾ ਯੂਥ ਵੈਲ ਫੇਅਰ ਐਸੋਸੀਏਸ਼ਨ, ਸ਼੍ਰੀ ਰਾਜਦੀਪ ਸਿੰਘ ਪ੍ਰੋਜੈਕਟ ਮੈਨੇਜ਼ਰ ਪਹਿਲ ਟੀ.ਆਈ. ਪ੍ਰੋਜੈਕਟ, ਰਛਪਾਲ ਸਿੰਘ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਨਾਲ ਸਬੰਧਤ ਪਹਿਲ ਟੀ.ਆਈ. ਪ੍ਰੋਜੈਕਟ ਅਤੇ ਜਿਲ੍ਹਾ ਯੂਥ ਵੈਲਫੇਅਰ ਐਸੋਸੀਏਸ਼ਨ ਮੈਂਬਰਾਂ, ਸਟਾਫ ਅਤੇ ਫੀਲਡ ਵਿਚ ਕੰਮ ਕਰਨ ਵਾਲੇ ਪੀਅਰ ਐਜੂਕੇਟਰਾਂ ਨੇ ਵੀ ਇਸ ਸਮਾਗਮ ਵਿਚ ਭਾਗ ਲਿਆ।