ਪਟਿਆਲਾ, 8 ਫਰਵਰੀ : "ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਵੱਖ-ਵੱਖ ਥਾਵਾਂ ਉੱਤੇ ਕੰਮ ਕਰ ਰਹੇ ਪੰਜਾਬੀ ਮੂਲ ਦੇ ਵਿਗਿਆਨੀਆਂ ਨੂੰ ਪੰਜਾਬ ਦੇ ਹਵਾਲੇ ਨਾਲ਼ ਇੱਕ ਸਾਂਝੇ ਮੰਚ ਉੱਤੇ ਇਕੱਠਾ ਕਰਨ ਦਾ ਕਾਰਜ 'ਪੰਜਾਬ ਅਕੈਡਮੀ ਆਫ਼ ਸਾਇੰਸਜ਼' ਕਰ ਸਕਦੀ ਹੈ। ਇਸ ਅਕੈਡਮੀ ਨੂੰ ਆਪਣੀਆਂ ਕਾਰਜ ਵਿਧੀਆਂ ਨੂੰ ਨਵੇਂ ਸਿਰੇ ਤੋਂ ਵਿਉਂਤਬੰਦ ਕਰਨ ਦੀ ਲੋੜ ਹੈ। ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਿਖੇ ਪੰਜਾਬ ਅਕੈਡਮੀ ਆਫ਼ ਸਾਇੰਸਜ਼ ਵੱਲੋਂ ਕਰਵਾਈ ਜਾ ਰਹੀ 26ਵੀਂ ਪੰਜਾਬ ਸਾਇੰਸ ਕਾਂਗਰਸ ਦੇ ਉਦਘਾਟਨੀ ਸਮਾਰੋਹ ਉਦਘਾਟਨੀ ਬੁਲਾਰੇ ਵਜੋਂ ਸਿ਼ਰਕਤ ਕਰਦਿਆਂ ਪ੍ਰਗਟਾਏ। ਜਿ਼ਕਰਯੋਗ ਹੈ ਕਿ ਕੁਆਂਟਮ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਪ੍ਰੋ. ਅਰਵਿੰਦ ਪੰਜਾਬ ਅਕੈਡਮੀ ਆਫ਼ ਸਾਇੰਸਜ਼ ਦੇ ਸਰਪ੍ਰਸਤ ਵੀ ਹਨ। ਉਨ੍ਹਾਂ ਇਸ ਅਕੈਡਮੀ ਦੇ ਸਥਾਪਨਾ ਮੰਤਵ ਦੇ ਹਵਾਲੇ ਨਾਲ਼ ਕਿਹਾ ਕਿ 1996 ਵਿੱਚ ਪੰਜਾਬ ਅਕੈਡਮੀ ਆਫ਼ ਸਾਇੰਸਜ਼ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਤਾਂ ਕਿ ਪੰਜਾਬ ਵਿੱਚ ਵਿਗਿਆਨ ਅਤੇ ਵਿਗਿਆਨਕ ਸੋਚ ਨੂੰ ਅੱਗੇ ਵਧਾਇਆ ਜਾ ਸਕੇ। ਇਸ ਤੋਂ ਬਾਅਦ ਪੰਜਾਬ ਵਿੱਚ ਵਿਗਿਆਨ ਦੇ ਖੇਤਰ ਨਾਲ ਜੁੜੇ ਬਹੁਤ ਸਾਰੇ ਅਦਾਰਿਆਂ ਦੀ ਸਥਾਪਨਾ ਹੋਈ ਜਿਨ੍ਹਾਂ ਵਿੱਚ ਆਈਸਰ, ਮੋਹਾਲੀ, ਆਈ. ਆਈ. ਟੀ. ਰੋਪੜ, ਨੈਸ਼ਨਲ ਐਗਰੋਬਾਇਓ ਇੰਸਟੀਚੂਟ ਆਦਿ ਦਾ ਨਾਮ ਸ਼ਾਮਿਲ ਹੈ। ਇਸ ਤੋਂ ਇਲਾਵਾ ਪੰਜਾਬੀ ਮੂਲ ਦੇ ਵਿਗਿਆਨੀ ਸਿਰਫ਼ ਪੰਜਾਬ ਦੇ ਅਦਾਰਿਆਂ ਵਿੱਚ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਕੈਡਮੀ ਆਫ਼ ਸਾਇੰਸਜ਼ ਨੂੰ ਹੁਣ ਆਪਣਾ ਕੰਮ ਕਰਨ ਦਾ ਤਰੀਕਾ ਨਵੇਂ ਸਿਰੇ ਤੋਂ ਵਿਉਂਤਣ ਦੀ ਲੋੜ ਹੈ ਜਿਸ ਵਿੱਚ ਜਿੱਥੇ ਪੰਜਾਬ ਵਿੱਚ ਕੰਮ ਕਰਨ ਵਾਲੇ ਸਮੂਹ ਵਿਗਿਆਨੀ ਸ਼ਾਮਿਲ ਹੋ ਸਕਣ ਅਤੇ ਓਥੇ ਹੀ ਪੰਜਾਬੀ ਮੂਲ ਦੇ ਉਹ ਵਿਗਿਆਨੀ ਜੋ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਕੰਮ ਕਰ ਰਹੇ ਹਨ ਉਹ ਵੀ ਪੰਜਾਬ ਵਿੱਚ ਵਿਗਿਆਨ ਅਤੇ ਵਿਗਿਆਨਕ ਸੋਚ ਦੇ ਪਸਾਰੇ ਨਾਲ਼ ਜੁੜ ਸਕਣ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਇਸ ਅਕੈਡਮੀ ਨੂੰ ਨਵੇਂ ਸਿਰੇ ਤੋਂ ਵਿਉਂਤਬੰਦ ਕਰ ਕੇ ਪੰਜਾਬ ਵਿੱਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ। ਚੱਲ ਰਹੀ ਕਾਨਫਰੰਸ ਦੇ ਮੁੱਖ ਵਿਸ਼ੇ 'ਵਾਤਾਵਰਣ' ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਇਹ ਵਿਸ਼ਾ ਸਮਾਜ ਲਈ ਅਹਿਮ ਹੈ ਉਸੇ ਤਰ੍ਹਾਂ ਵਿਗਿਆਨੀਆਂ ਲਈ ਵੀ ਅਹਿਮ ਹੈ। ਵਿਗਿਆਨੀਆਂ ਦੇ ਪੱਖ ਤੋਂ ਇਸ ਗੱਲ ਦੀ ਅਹਿਮੀਅਤ ਇਸ ਲਈ ਵੱਧ ਹੈ ਕਿ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕੰਮ ਕਰਦਿਆਂ ਇੱਕ ਮਨੁੱਖ ਹੋਣ ਦੇ ਨਾਲ਼ ਨਾਲ਼ ਬਤੌਰ ਵਿਗਿਆਨੀ ਵੀ ਹਿੱਸਾ ਪਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਸਾਰੇ ਸੰਬੰਧਤ ਅਦਾਰੇ ਇਸ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਤਾਂ ਪੰਜਾਬ ਦੇ ਪਾਣੀ, ਹਵਾ, ਮਿੱਟੀ ਦੇ ਪਲੀਤ ਹੋਣ ਦੇ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ।