ਨਗਰ ਕੌਂਸਲ ਫਾਜਿਲਕਾ ਵੱਲੋਂ 1 ਅਕਤੂਬਰ ਨੂੰ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਇੱਕ ਤਰੀਕ, ਇੱਕ ਘੰਟਾ ਇਕ ਸਾਥ  ਸਵੱਛਤਾ ਮੁਹਿੰਮ ਚਲਾਈ ਜਾਵੇਗੀ : ਕਾਰਜਸਾਧਕ ਅਫਸਰ 

ਫਾਜ਼ਿਲਕਾ 30 ਸਤੰਬਰ : ਨਗਰ ਕੌਸਲ ਫਾਜਿਲਕਾ ਦੇ ਕਾਰਜਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ  ਨਗਰ ਕੌਂਸਲ ਫਾਜਿਲਕਾ ਵੱਲੋਂ 1 ਅਕਤੂਬਰ ਨੂੰ ਇਕ ਵਿਸ਼ੇਸ਼ ਮੁਹਿੰਮ ਇੱਕ ਤਰੀਕ, ਇੱਕ ਘੰਟਾ ਇਕ ਸਾਥ  ਸਵੱਛਤਾ ਮੁਹਿੰਮ ਚਲਾਈ ਜਾਵੇਗੀ।ਇਹ ਮੁਹਿੰਮ ਐਮ.ਆਰ ਸਰਕਾਰੀ ਕਾਲਜ ਫਾਜਿਲਕਾ ਦੇ ਸਾਹਮਣੇ ਚੌਕ ਵਿਖੇ ਸਵੇਰੇ 10 ਵਜੇ ਤੋਂ ਇਕ ਘੰਟੇ ਲਈ ਸਫਾਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਵੱਲੋਂ ਸ਼ਹਿਰ ਦੇ ਸਮਾਜਿਕ ਸੰਸਥਾਵਾਂ, ਐਨਜੀਓ, ਅਤੇ ਆਮ ਪਬਲਿਕ ਨੂੰ ਇਸ ਮੁਹਿੰਮ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ  ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੂੜਾ ਰਹਿਤ ਸਾਫ਼ ਸੁਥਰਾ ਵਾਤਾਵਰਨ ਸਿਰਜਣ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜਨਤਕ ਥਾਵਾਂ ਦੀ ਸਫ਼ਾਈ ਕੀਤੀ ਜਾਵੇਗੀ ਅਤੇ ਇਕੱਠੇ ਕੀਤੇ ਕੂੜੇ ਨੂੰ ਕੂੜਾ ਪ੍ਰਬੰਧਨ ਯੂਨਿਟ ਨੂੰ ਭੇਜਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਅਤੇ ਹੋਰ ਪਲਾਸਟਿਕ ਥਰਮੋਕੋਲ ਦੀ ਵਰਤੋਂ ਨਾ ਕਰਨ ਅਤੇ ਕੂੜੇ ਨੂੰ ਨਾ ਸਾੜਨ, ਜੋ ਕਿ ਸਿਹਤ ਅਤੇ ਵਾਤਾਵਰਣ ਲਈ ਬਹੁਤ ਹਾਨੀਕਾਰਕ ਹੈ।