ਮੋਗਾ, 4 ਅਪ੍ਰੈਲ : ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਮੋਗਾ ਪੁਲਿਸ ਨੇ ਬੰਬੀਹਾ ਅਤੇ ਗੋਪੀ ਲਾਹੌਰੀਆ ਗੈਂਗ ਦੇ 3 ਸਾਥੀਆਂ/ਸ਼ੂਟਰਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸ੍ਰੀ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ., ਐਸ.ਐਸ.ਪੀ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਾਲ ਕ੍ਰਿਸ਼ਨ ਸਿੰਗਲਾ ਐਸਪੀ (ਆਈ) ਮੋਗਾ ਦੀ ਸੁਪਰਵਿਜ਼ਨ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਧਮਕੀਆਂ ਦੇ ਕੇ ਫਿਰੌਤੀਆ ਵਸੂਲਣ ਵਾਲੇ 03 ਵਿਅਕਤੀਆਂ ਨੂੰ ਵੱਖ-ਵੱਖ ਮੁਕੱਦਮਿਆਂ ਵਿੱਚ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੇ ਨਾਜਾਇਜ਼ ਅਸਲੇ ਤੇ ਫਿਰੌਤੀ ਦੀ ਰਕਮ ਬਰਾਮਦ ਕੀਤੀ ਹੈ। ਕੁਝ ਦਿਨ ਪਹਿਲਾਂ ਦੋ ਅਣਪਛਾਤੇ ਵਿਅਕਤੀਆ ਵੱਲੋਂ ਬੋਪਾਰਾਏ ਇੰਮੀਗ੍ਰੇਸ਼ਨ ਅੰਮ੍ਰਿਤਸਰ ਰੋਡ ਦਸਮੇਸ਼ ਨਗਰ ਮੋਗਾ ਪਰ ਫਾਇਰਿੰਗ ਕੀਤੀ ਗਈ ਸੀ ਤੇ ਇਸ ਦਫ਼ਤਰ ਦੇ ਮਾਲਕ ਨੇ ਆਪਣਾ ਬਿਆਨ ਲਿਖਿਆ ਸੀ ਕਿ ਉਸ ਪਰ ਇਹ ਫਾਇਰਿੰਗ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਆ ਵਾਲਾ ਮੁਹੱਲਾ ਬੁੱਕਣ ਵਾਲਾ ਰੋਡ ਮੋਗਾ ਹਾਲ ਕੈਨੇਡਾ ਵੱਲੋਂ ਕਰਵਾਈ ਗਈ ਹੈ ਤੇ ਦਵਿੰਦਰਪਾਲ ਸਿੰਘ ਉਰਫ ਗੋਪੀ ਵੱਲੋਂ ਉਸ ਨੂੰ ਮੋਬਾਇਲ ਕਾਲ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਤਫਤੀਸ਼ ਦੌਰਾਨ ਉਕਤ ਮੁਕੱਦਮਾ ਫਾਇਰਿੰਗ ਕਰਨ ਵਾਲੇ ਗੋਪੀ ਲਾਹੋਰੀਆ ਗੈਂਗ ਦੇ ਸ਼ੂਟਰ ਲਵਪ੍ਰੀਤ ਸਿੰਘ ਉਰਫ ਲੱਬੀ ਤੇ ਵਿਕਾਸ ਰਾਮ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਇੱਕ ਪਿਸਟਲ 32 ਬੋਰ ਸਮੇਤ ਮੈਗਜੀਨ, 03 ਰੌਂਦ 32 ਬੋਰ ਅਤੇ ਮੋਟਰਸਾਈਕਲ ਨੰਬਰੀ PB-91-D-3304 ਮਾਰਕਾ ਸਪਲੈਂਡਰ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਲਵਪ੍ਰੀਤ ਸਿੰਘ ਉਰਫ ਲੰਬੀ ਤੇ ਵਿਕਾਸ ਰਾਮ ਉਕਤ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਨ੍ਹਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸੇ ਤਰ੍ਹਾਂ ਧਰਮਕੋਟ ਅਧੀਨ ਪੈਂਦੇ ਪਿੰਡ ਅੰਮੀ ਵਾਲਾ ਵਿੱਚ ਇੱਕ ਵਿਅਕਤੀ ਨੂੰ ਵਿਦੇਸ਼ੀ ਨੰਬਰ ਤੋਂ ਜਾਨ ਤੋਂ ਮਾਰਨ ਦੀ ਧਮਕੀ ਸਬੰਧੀ ਫੋਨ ਆਇਆ ਤੇ ਇਸ ਕੋਲੋਂ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਜਦ ਮੁੱਦਈ ਨੇ ਇਹ ਨੰਬਰ ਬਲਾਕ ਕਰ ਦਿੱਤਾ ਤੇ ਫਿਰ ਦੋ ਦਿਨ ਬਾਅਦ ਹੋਰ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਮੁੱਦਈ ਪ੍ਰੇਸ਼ਾਨ ਹੋ ਕੇ ਡਰਦੇ ਮਾਰਾ ਪੈਸੇ ਦੇਣ ਲਈ ਤਿਆਰ ਹੋ ਗਿਆ ਤਾਂ ਮਿਤੀ 31.3.2024 ਨੂੰ ਨਵਦੀਪ ਸਿੰਘ ਉਰਫ ਜੋਤ ਸੰਜੀਵ ਕੁਮਾਰ ਕੋਲੋਂ 20 ਹਜ਼ਾਰ ਰੁਪਏ ਲੈ ਗਿਆ ਸੀ ਅਤੇ ਇਸ ਨੂੰ ਹੋਰ ਪੈਸਿਆਂ ਦਾ ਪ੍ਰਬੰਧ ਕਰਨ ਲਈ ਧਮਕੀਆਂ ਦਿੱਤੀਆਂ ਸਨ। ਜਿਸ ਉਤੇ ਕਾਰਵਾਈ ਕਰਦਿਆਂ ਹੋਇਆ ਮੋਗਾ ਪੁਲਿਸ ਵੱਲੋਂ ਹੈ ਨਵਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜੋ ਕਿ ਫਿਰੋਜ਼ਪੁਰ ਨਾਲ ਸਬੰਧਤ ਹੈ ਅਤੇ ਇਸ ਕੋਲੋਂ ਵੀ ਅਸਲਾ ਤੇ ਤਿੰਨ ਲੱਖ 20 ਹਜ਼ਾਰ ਰੁਪਏ ਰਿਕਵਰ ਕੀਤੇ। ਇਸ ਸਬੰਧੀ ਥਾਣਾ ਸਿਟੀ ਮੋਗਾ ਵਿਖੇ ਮੁਕੱਦਮਾ ਨੰਬਰ 58 ਮਿਤੀ 01/04/2024 / 307, 387, 120ਬੀ ਆਈ.ਪੀ.ਸੀ. ਅਤੇ 25-54-59 ਆਰਮਜ਼ ਐਕਟ ਦਰਜ ਕੀਤਾ ਗਿਆ ਹੈ।