- ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਦੇ ਲੋਕਾਂ ਤੇ ਖ਼ਾਸਕਰ ਕੇ ਸੂਬੇ ਦੇ ਨੌਜਵਾਨਾਂ ਦਾ ਤੰਦਰੁਸਤ ਹੋਣਾ ਲਾਜ਼ਮੀ
ਬੱਸੀ ਪਠਾਣਾਂ, 25 ਸਤੰਬਰ : ਕਿਸੇ ਵੀ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਸ ਸਮਾਜ ਦੇ ਲੋਕਾਂ ਦਾ ਸਰੀਰਕ ਤੇ ਮਾਨਸਿਕ ਤੌਰ ਉਤੇ ਤੰਦਰੁਸਤ ਹੋਣਾ ਜ਼ਰੂਰੀ ਹੈ ਤੇ ਮਾਨਸਿਕ ਤੰਦਰੁਸਤੀ ਵਿੱਚ ਸਰੀਰਕ ਤੰਦਰੁਸਤੀ ਦਾ ਅਹਿਮ ਯੋਗਦਾਨ ਹੁੰਦਾ ਹੈ। ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਦੇ ਲੋਕਾਂ ਤੇ ਖ਼ਾਸਕਰ ਕੇ ਸੂਬੇ ਦੇ ਨੌਜਵਾਨਾਂ ਦਾ ਤੰਦਰੁਸਤ ਹੋਣਾ ਲਾਜ਼ਮੀ ਹੈ, ਸੋ ਪੰਜਾਬ ਦੀ ਖੁਸ਼ਹਾਲੀ ਵੱਲ ਇੱਕ ਹੋਰ ਅਹਿਮ ਕਦਮ ਪੁੱਟਦਿਆਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਮੈਦਾਨ ਤੇ ਸਟੇਡੀਅਮ ਬਣਾਏ ਜਾ ਰਹੇ ਹਨ ਤੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਪਿੰਡ ਹਰਗਣਾਂ ਵਿਖੇ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ। ਹਲਕਾ ਵਿਧਾਇਕ ਨੇ ਕਿਹਾ ਕਿ ਉਹ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਖੇਡਾਂ ਮਨੁੱਖ ਦੀ ਸ਼ਖ਼ਸੀਅਤ ਘੜਨ ਵਿੱਚ ਕਿੰਨਾ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡਾਂ ਨਾਲ ਮਨੁੱਖ ਕੇਵਲ ਸਰੀਰਕ ਤੌਰ ਉਤੇ ਹੀ ਮਜ਼ਬੂਤ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ਉਤੇ ਵੀ ਹੋਰਨਾਂ ਨਾਲੋਂ ਵੱਧ ਮਜ਼ਬੂਤ ਹੋ ਜਾਂਦਾ ਹੈ ਤੇ ਉਸ ਵਿੱਚ ਹਰ ਖੇਤਰ ਵਿੱਚ ਹੋਰਨਾਂ ਨਾਲੋਂ ਚੰਗਾ ਪ੍ਰਦਰਸ਼ਨ ਕਰਨ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਮੋੜ ਕੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਦੇ ਰਾਹ ਪਾਉਣ ਲਈ ਅਹਿਮ ਉਪਰਾਲੇ ਕੀਤੇ ਹਨ ਤੇ ਖੇਡਾਂ ਨੂੰ ਪ੍ਰਫੁੱਲਤ ਕਰਨਾ, ਉਨ੍ਹਾਂ ਉਪਰਾਲਿਆਂ ਵਿੱਚੋਂ ਇੱਕ ਉਪਰਾਲਾ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਵੱਲ ਪੰਜਾਬ ਸਰਕਾਰ ਵਿਸ਼ੇਸ਼ ਕਦਮ ਚੁੱਕ ਰਹੀ ਹੈ। ਹਲਕੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਬੀ.ਡੀ.ਪੀ.ਓ. ਡਾ. ਪਰਮਬੀਰ ਕੌਰ, ਸ਼੍ਰੀ ਰਾਜ ਪੂਰੀ, ਸਰਪੰਚ ਗੁਰਿੰਦਰ ਸਿੰਘ, ਗਗਨਦੀਪ ਸਿੰਘ ਜੇ ਈ, ਮਨਜੀਤ ਸਿੰਘ ਪੰਚਾਇਤ ਸਕੱਤਰ, ਸੁਖਪਾਲ ਸਿੰਘ, ਹਰਵਿੰਦਰ ਸਿੰਘ , ਸਤਵੰਤ ਸਿੰਘ, ਜਸਵੀਰ ਸਿੰਘ, ਚਰਨਜੀਤ ਕੌਰ, ਰਾਜਿੰਦਰ ਕੌਰ ਤੇ ਹਰਪ੍ਰੀਤ ਕੌਰ (ਸਾਰੇ ਪੰਚ), ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਤੇ ਪਿੰਡ ਵਾਸੀ ਹਾਜ਼ਰ ਸਨ।