ਬਠਿੰਡਾ, 3 ਫਰਵਰੀ : ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸਮੁੱਚੇ ਜ਼ਿਲ੍ਹੇ ਵਿੱਚ ਇੱਕ ਵਿਸ਼ੇਸ਼ ਮੁਹਿੰਮ "ਮੈਂ ਪੰਜਾਬੀ, ਬੋਲੀ ਪੰਜਾਬੀ" ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਠਿੰਡਾ ਦੇ ਸਾਰੇ ਸਕੂਲਾਂ ਵਿੱਚ ਸਕੂਲੀ ਬੱਚਿਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਜਾਗਰੂਕਤਾ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਚੂਹੜ ਦੇ ਸਾਰੇ ਬੱਚਿਆਂ ਵੱਲੋਂ ਪਿੰਡ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਸਕੂਲ ਮੁਖੀ ਸ੍ਰੀ ਪੰਕਜ ਨੇ ਦੱਸਿਆ ਕਿ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨਾ ਚਾਹੀਦਾ ਹੈ।ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ, ਉਸੇ ਤਰ੍ਹਾਂ ਦੁਨੀਆ ਦੀ ਕਿਸੇ ਵੀ ਬੋਲੀ ਨੂੰ ਅਸੀਂ ਮਾਂ ਬੋਲੀ ਦੀ ਜਗ੍ਹਾ ਨਹੀਂ ਦੇ ਸਕਦੇ। ਇਹ ਹੈ ਮਾਂ ਬੋਲੀ ਦੀ ਮਹਾਨਤਾ। ਭੁਪਿੰਦਰ ਸਿੰਘ ਤੱਗੜ ਪੀ.ਟੀ.ਆਈ ਨੇ ਕਿਹਾ ਕਿ ਪੰਜਾਬੀ ਬੋਲੀ ਅਮੀਰ ਵਿਰਸਾ ਹੈ, ਕੋਈ ਵੀ ਆਪਣੀ ਬੋਲੀ ਨੂੰ ਵਿਸਾਰ ਕੇ ਅੱਗੇ ਨਹੀਂ ਵੱਧ ਸਕਦਾ।ਸਾਨੂੰ ਵੀ ਆਪਣੀ ਮਾਂ-ਬੋਲੀ ਪ੍ਰਤੀ ਸੋਚ ਬਦਲਣ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਵੱਧ ਤੋਂ ਵੱਧ ਪੰਜਾਬੀ ਬੋਲੀ ਦੀ ਵਰਤੋਂ ਕਰਨ ਦੀ ਲੋੜ ਹੈ। ਸਾਡੇ ਖ਼ੁਸ਼ੀ ਅਤੇ ਗ਼ਮੀ ਦੇ ਸਮਾਗਮਾਂ ਦੇ ਸੱਦੇ ਪੱਤਰ ਪੰਜਾਬੀ ਵਿਚ ਛਪਵਾਈਏ। ਆਪਣੀਆਂ ਦੁਕਾਨਾਂ ਦੇ ਨਾਮ ਦੇ ਫਲੈਕਸ ਬੋਰਡ ਆਪਣੀ ਮਾਤ-ਭਾਸ਼ਾ ਵਿਚ ਲਿਖਵਾਉਣੇ ਚਾਹੀਦੇ ਹਨ, ਆਪਣੇ ਘਰਾਂ ਦੇ ਅੱਗੇ ਲੱਗੀਆਂ ਤਖ਼ਤੀਆਂ ਆਪਣੀ ਮਾਂ-ਬੋਲੀ ਵਿਚ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਕੁਮਾਰ, ਕਮਲਜੀਤ ਕੌਰ, ਪ੍ਰਿਅੰਕਾ ਰਾਣੀ, ਅਮਿਤ ਕੁਮਾਰ, ਸ਼ਰਨਜੀਤ ਕੌਰ ਅਤੇ ਹਰਭਜਨ ਕੌਰ ਹਾਜ਼ਰ ਸਨ।