- ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੂਪੇਂਦਰ ਯਾਦਵ ਨੇ ਸੰਸਦ ਮੈਂਬਰ ਅਰੋੜਾ ਨੂੰ ਦਿੱਤਾ ਭਰੋਸਾ
ਲੁਧਿਆਣਾ, 4 ਫਰਵਰੀ : ਮੌਜੂਦਾ 300 ਬਿਸਤਰਿਆਂ ਵਾਲੇ ਈਐਸਾਈ ਹਸਪਤਾਲ, ਲੁਧਿਆਣਾ ਨੂੰ ਭਵਿੱਖ ਵਿੱਚ 500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਅੱਪਗ੍ਰੇਡ ਕੀਤਾ ਜਾਵੇਗਾ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੂਪੇਂਦਰ ਯਾਦਵ ਨੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੂੰ ਇਸ ਸਬੰਧੀ ਭਰੋਸਾ ਦਿੱਤਾ ਹੈ। ਅਰੋੜਾ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਈਐਸਆਈਸੀ ਹਸਪਤਾਲਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਅਰੋੜਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਪਿਛਲੇ ਸਾਲ 22 ਦਸੰਬਰ ਨੂੰ ਰਾਜ ਸਭਾ ਵਿੱਚ ਪੰਜਾਬ ਦੇ ਈਐਸਆਈਸੀ ਹਸਪਤਾਲਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਛੇ ਨਵੇਂ ਈ.ਐੱਸ.ਆਈ ਹਸਪਤਾਲਾਂ ਲਈ ਬੇਨਤੀਆਂ ਪੈਂਡਿੰਗ ਹਨ। ਉਨ੍ਹਾਂ ਮੰਤਰੀ ਨੂੰ ਭਰੋਸਾ ਦਿਵਾਇਆ ਕਿ "ਜੇਕਰ ਪੰਜਾਬ ਸਰਕਾਰ ਦੇ ਪੱਖ ਤੋਂ ਕੁਝ ਕਰਨ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾ ਸਕਦਾ ਹੈ ਤਾਂ ਜੋ ਇਸ ਦੇ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾ ਸਕੇ।" ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਨੂੰ ਈਐਸਾਈ ਅਧੀਨ 2300 ਬੀਮਾਯੁਕਤ ਕਾਮਿਆਂ ਲਈ 1 ਬੈੱਡ ਦੀ ਰਾਸ਼ਟਰੀ ਔਸਤ ਦੇ ਮੁਕਾਬਲੇ ਵਧੇਰੇ ਈਐਸਾਈ ਹਸਪਤਾਲਾਂ ਦੀ ਲੋੜ ਹੈ, ਰਾਜ ਕੋਲ ਈਐਸਾਈ ਅਧੀਨ 4100 ਬੀਮਾਯੁਕਤ ਕਾਮਿਆਂ ਲਈ ਸਿਰਫ਼ 1 ਬੈੱਡ ਹੈ। ਇੱਕ ਉਦਾਹਰਨ ਦਿੰਦੇ ਹੋਏ ਅਰੋੜਾ ਨੇ ਮੰਤਰੀ ਨੂੰ ਦੱਸਿਆ ਕਿ ਲੁਧਿਆਣਾ ਵਿੱਚ ਮੌਜੂਦਾ ਈ.ਐਸ.ਆਈ. ਹਸਪਤਾਲ 1970 ਵਿੱਚ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਕਰਮਚਾਰੀਆਂ ਦੀ ਮੌਜੂਦਾ ਸਮਰੱਥਾ ਦਾ 10 ਪ੍ਰਤੀਸ਼ਤ ਸੀ, ਉਦਯੋਗ ਖੰਨਾ, ਸਾਹਨੇਵਾਲ ਅਤੇ ਸਮਰਾਲਾ ਦੇ ਆਸ-ਪਾਸ ਦੇ ਖੇਤਰਾਂ ਵਿੱਚ ਫੈਲ ਗਿਆ ਹੈ। ਉਦਯੋਗਿਕ ਕਾਮਿਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਐਨਐਚ 44 'ਤੇ ਖੰਨਾ ਅਤੇ ਸਾਹਨੇਵਾਲ ਦੇ ਵਿਚਾਲੇ ਜਾਂ ਜਾਂ ਨੇੜੇ ਇਕ ਹੋਰ ਉਚਿਤ ਈਐਸਾਈ ਹਸਪਤਾਲ ਦੀ ਸਖ਼ਤ ਲੋੜ ਹੈ। ਅਰੋੜਾ ਨੇ ਮੰਤਰੀ ਨੂੰ ਦੱਸਿਆ ਕਿ ਲੁਧਿਆਣਾ ਦਾ ਈਐਸਆਈ ਹਸਪਤਾਲ ਮੰਡੀ ਗੋਬਿੰਦਗੜ੍ਹ ਅਤੇ ਫਤਿਹਗੜ੍ਹ ਸਾਹਿਬ ਦੇ ਉਦਯੋਗਾਂ ਨੂੰ ਵੀ ਸਹੂਲਤ ਦੇਣ ਯੋਗ ਹੋਵੇਗਾ ਅਤੇ ਅੰਦਾਜ਼ਾ ਹੈ ਕਿ ਲੁਧਿਆਣਾ ਵਿੱਚ ਲਗਭਗ 12 ਲੱਖ ਕਾਮੇ ਕੰਮ ਕਰਦੇ ਹਨ। ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਬੇਨਤੀਆਂ 'ਤੇ ਜਲਦੀ ਤੋਂ ਜਲਦੀ ਵਿਚਾਰ ਕੀਤਾ ਜਾਵੇ। ਉਨ੍ਹਾਂ ਦੀਆਂ ਬੇਨਤੀਆਂ ਪ੍ਰਤੀ ਕੇਂਦਰੀ ਮੰਤਰੀ ਦੇ ਸਕਾਰਾਤਮਕ ਰਵੱਈਏ ਦੀ ਸ਼ਲਾਘਾ ਕਰਦਿਆਂ ਅਰੋੜਾ ਨੇ ਕਿਹਾ, "ਕੇਂਦਰੀ ਮੰਤਰੀ ਨੇ ਬਹੁਤ ਸਕਾਰਾਤਮਕ ਹੁੰਗਾਰਾ ਦਿੱਤਾ ਅਤੇ ਭਵਿੱਖ ਵਿੱਚ ਲੁਧਿਆਣਾ ਦੇ ਈਐਸਆਈ ਹਸਪਤਾਲ ਨੂੰ 500 ਬਿਸਤਰਿਆਂ ਤੱਕ ਅੱਪਗਰੇਡ ਕਰਨ ਦਾ ਵਾਅਦਾ ਕੀਤਾ।" ਕੇਂਦਰੀ ਮੰਤਰੀ ਨੇ ਅਰੋੜਾ ਨੂੰ ਕਿਹਾ ਕਿ ਉਹ ਇਸ ਸਬੰਧੀ ਪੰਜਾਬ ਸਰਕਾਰ ਤੋਂ ਅਰਜ਼ੀ ਦੀ ਮੰਗ ਕਰਨਗੇ। ਅਰੋੜਾ ਨੇ ਕਿਹਾ, "ਇਸ 'ਤੇ ਮੈਂ ਕੇਂਦਰੀ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਮੈਂ ਸੂਬਾ ਸਰਕਾਰ ਦੇ ਪੱਧਰ 'ਤੇ ਇਸ ਦੀ ਪੈਰਵੀ ਕਰਾਂਗਾ ਅਤੇ ਲੋੜੀਂਦੇ ਕੰਮ ਕਰਵਾਵਾਂਗਾ।"