ਜਗਰਾਉਂ, 19 ਅਕਤੂਬਰ : ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਅਪਰਾਧਿਕ ਅਨਸਰਾਂ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਤੇ ਐਸਪੀ ਹੈੱਡ ਕੁਆਟਰ ਮਨਵਿੰਦਰਵੀਰ ਸਿੰਘ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਦੀ ਨਿਗਰਾਨੀ ਹੇਠ ਥਾਣਾ ਸਦਰ ਦੇ ਮੁੱਖ ਅਫ਼ਸਰ ਅਮਰਜੀਤ ਸਿੰਘ ਅਤੇ ਚੌਂਕੀ ਗਾਲਿਬ ਦੇ ਇੰਚਾਰਜ ਹਰਦੇਵ ਸਿੰਘ ਜਦੋਂ ਗਾਲਿਬ ਤੋਂ ਨਵਾਂ ਚੂਹੜ ਚੱਕਾ ਨੂੰ ਜਾਂਦੀ ਸੜਕ 'ਤੇ ਨਾਕੇ 'ਤੇ ਖੜ੍ਹੇ ਸਨ ਤਾਂ ਕਿਸੇ ਮੁਖਬਰ ਨੇ ਆ ਕੇ ਸੂਚਨਾ ਦਿੱਤੀ ਕਿ ਖਤਰਨਾਕ ਹਥਿਆਰਾਂ ਨਾਲ ਲੈਸ ਪੰਜ ਵਿਅਕਤੀ ਬੰਦ ਪਈ ਫੈਕਟਰੀ 'ਚ ਬੈਠ ਕੇ ਲੋਕਾਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਬੰਦ ਪਈ ਫੈਕਟਰੀ 'ਤੇ ਛਾਪਾ ਮਾਰ ਕੇ ਮੋਗਾ ਜ਼ਿਲੇ ਨਾਲ ਸਬੰਧਤ 5 ਲੁਟੇਰਿਆਂ ਦੇ ਇਕ ਗਿਰੋਹ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਪੁਲੀਸ ਅਨੁਸਾਰ ਇਨ੍ਹਾਂ ਲੁਟੇਰਿਆਂ ਦੀ ਪਛਾਣ ਜਗਦੀਪ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਨੱਥੂ ਜ਼ਿਲ੍ਹਾ ਜੱਦੀਦ ਮੋਗਾ, ਗੁਰਸੇਵਕ ਸਿੰਘ ਉਰਫ਼ ਸੇਵਕ ਪੁੱਤਰ ਅੰਗਰੇਜ਼ ਸਿੰਘ ਵਾਸੀ ਦੁਸਾਂਝ ਰੋਡ ਮੋਗਾ, ਜਸਵੀਰ ਸਿੰਘ ਉਰਫ਼ ਪੁੱਤਰ ਨਿਰਮਲ ਸਿੰਘ ਵਾਸੀ ਬੁੱਘੀ ਪੁਰਾ, ਸੁਰਿੰਦਰ ਸਿੰਘ ਸੋਨੂੰ ਪੁੱਤਰ ਸਰਦਾਰਾ ਸਿੰਘ ਵਾਸੀ ਕੋਟ ਕਪੂਰਾ ਬਾਈਪਾਸ ਮੋਗਾ ਅਤੇ ਲਖਬੀਰ ਸਿੰਘ ਉਰਫ ਲੱਕੀ ਪੁੱਤਰ ਪਰਮਜੀਤ ਸਿੰਘ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਹੋਈ ਹੈ। ਐਸਪੀ ਮਨਵਿੰਦਰ ਵੀਰ ਸਿੰਘ ਨੇ ਦੱਸਿਆ ਕਿ ਹਥਿਆਰਾਂ ਨਾਲ ਲੈਸ ਇਹ ਲੋਕ ਨੈਸ਼ਨਲ ਹਾਈਵੇ 'ਤੇ ਮੋਗਾ ਤੋਂ ਆ ਰਹੇ ਵਪਾਰੀਆਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਜਿਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਇਨ੍ਹਾਂ ਪੰਜਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲੀਸ ਰਿਮਾਂਡ ਵੀ ਹਾਸਲ ਕੀਤਾ ਜਾਵੇਗਾ। ਇਲਾਕੇ ਵਿੱਚ ਵਾਪਰੀਆਂ ਹੋਰ ਵਾਰਦਾਤਾਂ ਬਾਰੇ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।