- ਜਾਗਰੂਕਤਾ ਕੈਂਪ ਆਯੋਜਨ ਕਰਨ ਦਾ ਉਦੇਸ਼ ਕਿਸਾਨਾਂ ਨੂੰ ਫ਼ਸਲਾਂ ਦੇ ਰਹਿੰਦ ਖੂੰਹਦ ਅੱਗਾਂ ਨੂੰ ਲਗਾਉਣ ਦੇ ਰੁਝਾਨ ਨੂੰ ਘਟਾ ਕੇ ਜ਼ਿਲ੍ਹੇ ਵਿੱਚ ਅੱਗ ਲਗਾਉਂਣ ਦੀਆਂ ਘਟਨਾਵਾਂ ਨੂੰ ਜੀਰੋ (ਨਿਲ )ਕਰਨਾ - ਡਿਪਟੀ ਕਮਿਸ਼ਨਰ
- ਝੋਨੇ ਦੀ ਨਾੜ/ਫ਼ਸਲੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਅੱਗ ਲਗਾਉਣਾ ਆਪਣੇ ਪੈਸੇ ਨੂੰ ਅੱਗ ਲਗਾਉਣ ਦੇ ਬਰਾਬਰ-ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਕੁਠਾਲਾ
- ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਤੱਖਰ ਕਲਾਂ ਵਿਖੇ ਜਾ ਕੇ ਪਿੰਡ ਵਾਸੀਆਂ ਨੂੰ ਮਿਲੇ ਡਿਪਟੀ ਕਮਿਸ਼ਨਰ ਅਤੇ ਪਰਾਲੀ ਨੂੰ ਅੱਗ ਨਾ ਲਗਾਉਂਣ ਲਈ ਕੀਤਾ ਪ੍ਰੇਰਿਤ
ਮਾਲੇਰਕੋਟਲਾ 12 ਅਕਤੂਬਰ : ‘‘ ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ।” ਇਹ ਸੰਦੇਸ਼ ਹੀ ਆਲਮੀ ਪੱਧਰ 'ਤੇ ਆਏ ਵਾਤਾਵਰਨ ਦੇ ਸੰਕਟ ਤੋਂ ਪਾਰ ਪਾਉਣ ਦੀ ਸਮਰੱਥਾ ਰੱਖਦਾ ਹੈ। ਇਸ ਸੰਦੇਸ਼ 'ਤੇ ਅਮਲ ਕੀਤੇ ਬਿਨਾਂ ਇਸ ਸੰਕਟ ਵਿਚੋਂ ਨਿਕਲਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਮਾਲੇਰਕੋਟਲਾ ਸਬ ਡਵੀਜਨ ਦੇ ਪਿੰਡ ਤੱਖਰ ਕਲਾਂ ਵਿਖੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮ. ਵਿਖੇ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਪਰਾਲੀ ਦੀ ਸੁਚੱਜੀ ਸੰਭਾਲ ਕਰਨ ਸਬੰਧੀ ਜਾਗਰੂਕਤਾ ਕੈਂਪ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਸਹਿਯੋਗ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ(ਨਿਲ) ਕਰਨ ਲਈ ਲਗਾਤਾਰ ਕਿਸਾਨ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਉਨ੍ਹਾਂ ਆਸ ਪ੍ਰਗਟਾਈ ਕਿ ਮਾਲੇਰਕੋਟਲਾ ਜ਼ਿਲ੍ਹਾ ਪੰਜਾਬ ਸਭ ਤੋਂ ਪਹਿਲਾ ਪਰਾਲੀ ਦੀ ਨਾੜ ਨੂੰ ਅੱਗ ਨਾ ਲਗਾਏ ਬਿਨ੍ਹਾਂ ਪ੍ਰਬੰਧਨ ਕਰਨ ਵਾਲਾ ਜ਼ਿਲ੍ਹਾ ਬਣਕੇ ਉਭਰੇਗਾ । ਇਹ ਸਭ ਕਿਸਾਨਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਕਿਹਾ ਕਿ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਧਰਤੀ ਮਾਂ ਦੀ ਸਿਹਤ ਸੰਭਾਲ ਕਰੀਏ।ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉੱਥੇ ਹੀ ਜ਼ਮੀਨ ਦੇ ਬਹੁਤ ਸਾਰੇ ਖੁਰਾਕੀ ਤੱਤ ਸੜ ਕੇ ਦੇ ਸਵਾਹ ਹੋ ਜਾਂਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ ਤੇ ਮਨੁੱਖੀ ਸਿਹਤ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਉਂਦੀਆਂ ਪੀੜੀਆਂ ਲਈ ਕੁਦਰਤੀ ਸਰੋਤ ਸੁੱਧ ਹਵਾ ਅਤੇ ਪਾਣੀ ਵਿਰਾਸਤ ਵਜੋਂ ਛੱਡਣਾ ਸਾਡਾ ਸਾਰਿਆ ਦੀ ਨੈਤਿਕ ਅਤੇ ਸਮਾਜਿਕ ਜਿੰਮੇਵਾਰੀ ਹੈ।ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਆਉਣ ਵਾਲੀ ਪੀੜੀ ਨੂੰ ਉਪਜਾਊ ਜ਼ਮੀਨ ਅਤੇ ਸਾਫ਼ ਸੁਥਰਾ ਵਾਤਾਵਰਣ ਦੇਣ ਲਈ ਕਿਸਾਨ ਵੀਰ ਅੱਗੇ ਆਉਣ । ਡਿਪਟੀ ਕਮਿਸ਼ਨਰ ਨੇ ਗੱਲਬਾਤ ਕਰਦਿਆਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਸਲੀ ਰਹਿੰਦ-ਖੂੰਹਦ ਦੇ ਵਾਤਾਵਰਣ ਪੱਖੀ ਨਿਬੇੜੇ ਲਈ ਆਧੁਨਿਕ ਮਸ਼ੀਨਰੀ ਕ੍ਰਮਵਾਰ 80 ਪ੍ਰਤੀਸ਼ਤ (ਸਹਿਕਾਰੀ ਸਭਾਵਾਂ ਲਈ) ਅਤੇ 50 ਪ੍ਰਤੀਸ਼ਤ (ਵਿਅਕਤੀਗਤ ਕਿਸਾਨਾਂ ਲਈ) ਸਬਸਿਡੀ 'ਤੇ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਉਪਲਬਧਤਾ ਕਰਵਾਈ ਜਾ ਰਹੀ ਹੈ। ਇਸ ਮੌਕੇ ਅਗਾਂਹਵਧੂ ਅਹਿਮਦਗੜ੍ਹ ਬਲਾਕ ਦੇ ਪਿੰਡ ਫਿਰੋਜਪੁਰ (ਕੁਠਾਲਾ) ਕਿਸਾਨ ਗੁਰਪ੍ਰੀਤ ਸਿੰਘ ਕੁਠਾਲਾ ਨੇ ਆਪਣੇ ਤਜਰਬੇ ਸਾਂਝੇ ਕਰਦਿਆ ਦੱਸਿਆ ਕਿ ਝੋਨੇ ਦੀ ਨਾੜ/ਫ਼ਸਲੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਅੱਗ ਲਗਾਉਣਾ ਆਪਣੇ ਪੈਸੇ ਨੂੰ ਅੱਗ ਲਗਾਉਣ ਦੇ ਬਰਾਬਰ ਹੈ।ਪਿਛਲੇ ਸਾਲ ਉਨ੍ਹਾਂ ਸੀ.ਆਰ.ਐਮ ਸਕੀਮ ਅਧੀਨ ਸਬਡਿਸੀ ਤੇ ਪਰਾਲੀ ਦੇ ਪ੍ਰਬੰਧਨ ਲਈ ਆਧੁਨਿਕ ਸੰਦ(ਰੇਕ ਅਤੇ ਬੇਲਰ) ਸਬਸਿਡੀ ਤੇ ਲਿਆ ਸੀ । ਉਨ੍ਹਾਂ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕਰਦਿਆ ਦੱਸਿਆ ਕਿ ਕਰੀਬ ਇੱਕ ਮਹੀਨੇ ਦੋਰਾਨ 12 ਹਜਾਰ ਕੁਇੰਟਲ ਪਰਾਲੀ ਦੀਆਂ ਗੱਠਾ ਬਣਾ ਕੇ 20 ਲੱਖ ਰੁਪਏ ਤੋਂ ਵੱਧ ਦੀ ਰਕਮ ਕਮਾਈ ਸੀ । ਜਿਸ ਨਾਲ ਉਨ੍ਹਾਂ ਦਾ ਆਰਥਿਕ ਪੱਧਰ ਉੱਚਾ ਹੋਇਆ । ਜਿਸ ਸਦਕਾ ਉਨ੍ਹਾਂ ਇਸ ਵਾਰ ਦੋ ਹੋਰ ਰੇਕ ਅਤੇ ਬੇਲਰ ਖਰੀਦ ਕੇ ਆਪਣੇ ਇਸ ਕਾਰੋਬਾਰ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਉਮੀਦ ਕੀਤੀ ਕਿ ਇਸ ਵਾਰ ਉਹ ਕਰੋੜਾ ਰੁਪਏ ਦਾ ਧੰਦਾ ਪਰਾਲੀ ਨਾਲ ਕਰਨਗੇ । ਉਨ੍ਹਾਂ ਕਿਸਾਨਾਂ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਨਾੜ ਨੂੰ ਅੱਗ ਨਾ ਲਗਾਕੇ ਉਸ ਦਾ ਸਹੀ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ । ਖੇਤੀਬਾੜੀ ਵਿਕਾਸ ਅਫਸਰ ਡਾ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਮਾਹਿਰਾ ਨੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਝੇ ਪ੍ਰਬੰਧਨ ਅਤੇ ਸਰਕਾਰ ਵਲੋਂ ਦਿੱਤੀ ਜਾ ਰਹੀਆ ਸੁਵਿਧਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਕਿਹਾ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਬਿਲਕੁਲ ਵੀ ਅੱਗ ਨਾ ਲਗਾਈ ਜਾਵੇ। ਇਸ ਮੌਕੇ ਐਸ.ਡੀ.ਐਮ. ਸ੍ਰੀ ਹਰਬੰਸ ਸਿੰਘ ਵੀ ਮੌਜੂਦ ਸਨ ।