- ਭਗਵੰਤ ਮਾਨ ਸਰਕਾਰ ਪੰਜਾਬ ਨੂੰ ਕਰਜ਼ੇ ਦੇ ਭਾਰ ਹੇਠ ਦੱਬਣ ’ਤੇ ਤੁਲੀ: ਸੁਖਬੀਰ ਬਾਦਲ
- ਆਖਰ ਕੌਣ ਝੱਲ ਰਿਹੈ ਰਾਘਵ ਚੱਢਾ ਦੇ ਵਿਆਹ ਦਾ ਖਰਚ : ਪ੍ਰੋ. ਚੰਦੂਮਾਜਰਾ
ਪਟਿਆਲਾ 25 ਸਤੰਬਰ : ਭਗਵੰਤ ਮਾਨ ਸਰਕਾਰ ਪੰਜਾਬ ਨੂੰ ਕਰਜ਼ੇ ਦੇ ਭਾਰ ਹੇਠ ਦੱਬਣ ’ਤੇ ਤੁਲੀ ਹੋਈ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ, ਉਹ ਅੱਜ ਹਲਕਾ ਸਨੌਰ ਦੇ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਖੇੜੀ ਰਿਣਵਾ ਦੇ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਇਕ ਸਾਲ ਵਿਚ ਹੀ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ ਅਤੇ ਹੁਣ ਪੰਜਾਬ ਕਰਜ਼ਈ ਸੂਬਿਆਂ ’ਚੋਂ ਇਕ ਨੰਬਰ ’ਤੇ ਆ ਗਿਆ ਹੈ, ਜੇਕਰ ਇਹੋ ਰਫ਼ਤਾਰ ਰਹੀ ਤਾਂ ਭਗਵੰਤ ਸਿੰਘ ਮਾਨ ਸਰਕਾਰ ਅਗਲੇ 4 ਸਾਲਾਂ ਵਿਚ ਦੋ ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬੀਆਂ ਸਿਰ ਚੜ੍ਹਾ ਦੇਵੇਗੀ, ਜਿਸਨੂੰ ਫੇਰ ਪੰਜਾਬੀ ਨਹੀਂ ਉਤਾਰ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਦੇਸ਼ ਭਰ ਵਿਚ ਪਸਾਰ ’ਤੇ ਖਰਚ ਕਰ ਰਹੀ ਹੈ ਤੇ ਹੁਣ ਤੱਕ ਆਪਣੀਆਂ ਝੂਠੀਆਂ ਗੱਲਾਂ ਨੂੰ ਸੱਚ ਬਣਾਉਣ ਲਈ ਪੰਜਾਬੀਆਂ ਦੇ 750 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਮੁਲਾਜਮਾਂ ਨੂੰ ਤਨਖਾਹਾਂ ਮਿਲਣੀਆਂ ਔਖੀਆਂ ਹੋ ਜਾਣਗੀਆਂ। ਸਰਦਾਰ ਸੁਖਬੀਰ ਬਾਦਲ ਨੇ ਕੈਨੇਡਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਤਾਜ਼ਾ ਪੈਦਾ ਹੋਏ ਹਾਲਾਤਾਂ ਨੂੰ ਸ਼ਾਂਤ ਕਰਕੇ ਦੋਵੇਂ ਦੇਸ਼ਾਂ ਵਿਚ ਖੱਟਾਸ ਨੂੰ ਘਟਾਉਣਾ ਚਾਹੀਦਾ ਹੈ ਕਿਉਕਿ ਇਸ ਨਾਲ ਲੱਖਾਂ ਪੰਜਾਬੀਆਂ ਦਾ ਭਵਿੱਖ ਜੁੜਿਆ ਹੋਇਆ ਹੈ। ਜਿਹੜੇ ਵਿਦਿਆਰਥੀਆਂ ਦਾ ਦਾਖਲਾ ਹੋ ਚੁੱਕਿਆ ਹੈ ਉਹ ਦੁਚਿੱਤੀ ਵਿਚ ਹਨ ਕਿ ਉਹ ਜਾਣ ਜਾਂ ਨਾ ਜਾਣ ਤੇ ਹਰ ਸਾਲ ਸਰਦੀਆਂ ਵਿਚ ਵੱਡੇ ਪੱਧਰ ’ਤੇ ਪੰਜਾਬੀ ਕੈਨੈਡਾ ਤੋਂ ਭਾਰਤ ਵਿਚ ਆਉਂਦੇ ਹਨ ਅਤੇ ਇਥੋਂ ਕੈਨੇਡਾ ਜਾਂਦੇ ਹਨ। ਇਹ ਮਸਲਾ ਸਿੱਧੇ ਤੌਰ ’ਤੇ ਪੰਜਾਬੀਆਂ ਦਾ ਭਵਿੱਖ ਨਾਲ ਜੁੜਿਆ ਹੋਇਆ ਹੈ। ਸੁਖਬੀਰ ਬਾਦਲ ਨੇ ਰਾਘਵ ਚੱਢਾ ਦੇ ਵਿਆਹ ’ਤੇ ਕੀਤੇ ਜਾਣ ਵਾਲੇ ਖਰਚ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਵਿਅਕਤੀ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਸਮੇਂ ਕਾਗਜ਼ਾਂ ਵਿਚ ਆਪਣੀ ਢਾਈ ਲੱਖ ਰੁਪਏ ਆਮਦਨ ਦੱਸੀ ਸੀ ਉਸ ਕੋਲ ਵਿਆਹ ’ਤੇ ਖਰਚ ਕਰਨ ਨੂੰ 10 ਤੋਂ 15 ਕਰੋੜ ਰੁਪਏ ਕਿਥੋਂ ਆਏ ਕੀ ਮੁੱਖ ਮੰਤਰੀ ਇਸਦੀ ਵੀ ਵਿਜੀਲੈਂਸ ਜਾਂਚ ਕਰਵਾਉਣਗੇ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਵਿਆਹ ਦਾ ਖਰਚ ਆਖਰ ਕੌਣ ਝੱਲ ਰਿਹਾ ਹੈ ਕਿਉਕਿ ਆਪਣੇ ਆਪ ਨੂੰ ਆਮ ਆਦਮੀ ਕਹਿਣ ਵਾਲੇ ਰਾਘਵ ਚੱਢਾ ਵਲੋਂ ਵਿਆਹ ’ਤੇ 10 ਤੋਂ 15 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪੈਸਾ ਕਿਥੋਂ ਆਇਆ ਇਹ ਇਕ ਵੱਡੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਦੱਸ ਕੇ ਪੰਜਾਬ ਦੇ ਲੋਕਾਂ ਨੂੰ ਠੱਗਣ ਵਾਲੇ ਡੇਢ ਸਾਲ ਵਿਚ ਹੀ ਆਪਣੇ ਵਿਆਹਾਂ ’ਤੇ 10 ਤੋਂ 15 ਕਰੋੜ ਰੁਪਏ ਖਰਚ ਕਰਨ ਲੱਗ ਪਏ ਹਨ, ਜਿਸ ਤੋਂ ਸਾਰਾ ਕੁੱਝ ਆਪਣੇ ਆਪ ਸਪੱਸ਼ਟ ਹੋ ਜਾਂਦਾ ਹੈ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਵਿਧਾਇਕ ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਰਦਾਰ ਭੁਪਿੰਦਰ ਸਿੰਘ ਸ਼ੇਖੂਪੁਰ ਹਲਕਾ ਇੰਚਾਰਜ ਘਨੌਰ, ਸਰਦਾਰ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸ. ਜੀ. ਪੀ. ਸੀ., ਸਰਦਾਰ ਤੇਜਿੰਦਰ ਸਿੰਘ ਮਿੱਡੂਖੇੜਾ, ਸਰਦਾਰ ਗੁਰਚਰਨ ਸਿੰਘ ਖੇੜੀਰਨਵਾਂ ਆਦਿ ਵੀ ਹਾਜ਼ਰ ਸਨ।