- ਕਿਹਾ, ਫ਼ਰਿਸਤੇ ਸਕੀਮ ਤਹਿਤ ਜਖ਼ਮੀਆਂ ਦਾ ਹੋਵੇਗਾ ਮੁਫ਼ਤ ਇਲਾਜ, ਡਾਕਟਰਾਂ ਨੂੰ ਹਦਾਇਤਾਂ ਜਾਰੀ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਸ਼ਰਧਾਲੂ ਪਿੰਡ ਵਾਸੀਆਂ ਦੇ ਦੁੱਖ 'ਚ ਸ਼ਰੀਕ-ਡਾ. ਬਲਬੀਰ ਸਿੰਘ
ਪਟਿਆਲਾ, 13 ਜੂਨ 2024 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੇ ਦਿਨੀਂ ਬਨੂੜ ਨੇੜਲੇ ਪਿੰਡ ਉੜਦਨ ਦੇ ਵਸਨੀਕ 3 ਸ਼ਰਧਾਲੂਆਂ ਦੀ ਇੱਕ ਸੜਕ ਹਾਦਸੇ ਵਿੱਚ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਅੱਜ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਪੁੱਜ ਕੇ ਇੱਥੇ ਇਲਾਜ ਲਈ ਦਾਖਲ ਜਖ਼ਮੀ ਸ਼ਰਧਾਲੂਆਂ ਦਾ ਹਾਲ-ਚਾਲ ਜਾਣਿਆ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਇਨ੍ਹਾਂ ਸ਼ਰਧਾਲੂ ਪਿੰਡ ਵਾਸੀਆਂ ਦੇ ਦੁੱਖ 'ਚ ਸ਼ਰੀਕ ਹੈ। ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਪਿੰਡ ਉੜਦਨ ਦੇ ਜਖ਼ਮੀ ਸ਼ਰਧਾਲੂਆਂ ਦੇ ਬਿਹਤਰ ਇਲਾਜ ਲਈ ਡਾਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਫ਼ਰਿਸਤੇ ਸਕੀਮ ਤਹਿਤ ਸੜਕ ਹਾਦਸੇ ਦੇ ਪੀੜਤ ਜਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਪਿੰਡ ਉੜਦਨ ਦੇ ਕੁਝ ਜਖ਼ਮੀ ਜੋ ਕਿ ਪੀ.ਜੀ.ਆਈ.ਚੰਡੀਗੜ੍ਹ ਤੇ ਨੀਲਮ ਹਸਪਤਾਲ ਰਾਜਪੁਰਾ ਵਿਖੇ ਦਾਖਲ ਹਨ, ਦੇ ਵੀ ਬਿਹਤਰ ਇਲਾਜ ਲਈ ਉਥੋਂ ਦੇ ਡਾਕਟਰਾਂ ਨੂੰ ਵੀ ਮੌਕੇ 'ਤੇ ਫੋਨ ਕਰਕੇ ਗੱਲਬਾਤ ਕੀਤੀ ਤੇ ਬਿਹਤਰ ਇਲਾਜ ਦੀ ਤਾਕੀਦ ਕੀਤੀ। ਇਕ ਮੌਕੇ ਕਰਨਲ ਜੇ.ਵੀ ਸਿੰਘ, ਡਾ. ਗਿਰੀਸ਼ ਸਾਹਨੀ ਅਤੇ ਹੋਰ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਬੀਤੇ ਦਿਨੀਂ ਬਨੂੜ ਨੇੜਲੇ ਪਿੰਡ ਉੜਦਨ ਦੇ ਸ਼ਰਧਾਲੂ ਗੁਰਦੁਆਰਾ ਚਰਨ ਗੰਗਾ ਸਾਹਿਬ ਖੁਰਾਲਗੜ੍ਹ, ਹੁਸ਼ਿਆਰਪੁਰ ਵਿਖੇ ਇੱਕ ਧਾਰਮਿਕ ਸਮਾਗਮ ਤੋਂ ਵਾਪਸ ਪਰਤ ਰਹੇ ਸਨ ਤੇ ਰਸਤੇ ਵਿੱਚ ਇਨ੍ਹਾਂ ਦਾ ਟਰੱਕ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਰਕੇ ਤਿੰਨ ਪਿੰਡ ਵਾਸੀ ਸ਼ਰਧਾਲੂਆਂ ਦਾ ਦੇਹਾਂਤ ਹੋ ਗਿਆ ਸੀ ਤੇ ਵੱਡੀ ਗਿਣਤੀ ਸ਼ਰਧਾਲੂ ਜਖ਼ਮੀ ਹੋਏ ਸਨ।