- ਸਿਹਤ ਮੰਤਰੀ ਵੱਲੋਂ ਬੀਤੇ ਕੱਲ੍ਹ ਹੈਲਥ ਸੈਂਟਰ ਦਾ ਕੀਤਾ ਗਿਆ ਨੀਰੀਖਣ
- ਪੰਜਾਬ ਸਰਕਾਰ ਵਲੋਂ ਸਿਹਤ ਨੀਤੀ ਅਤੇ ਹਲਕੇ ਦੇ ਚਿਰੌਕਣੀ ਮੰਗ ਦੇ ਮੱਦੇਨਜ਼ਰ ਲਿਆ ਵੱਡਾ ਫੈਸਲਾ : ਵਿਧਾਇਕ ਰਾਜਿੰਦਰਪਾਲ ਕੌਰ ਛੀਨਾ
ਲੁਧਿਆਣਾ, 12 ਅਕਤੂਬਰ : ਵਿਧਾਨ ਸਭਾ ਹਲਕਾ ਦੱਖਣੀ ਵਾਸੀਆਂ ਲਈ ਉਸ ਵੇਲੇ ਇੱਕ ਵੱਡੀ ਖੁਸ਼ਖਬਰੀ ਆਈ ਜਦੋਂ ਬੀਤੇ ਕੱਲ੍ਹ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਗਿਆਸਪੁਰਾ ਦੇ ਵਿੱਚ ਸਥਿਤ ਕਮਿਊਨਿਟੀ ਹੈਲਥ ਸੈਂਟਰ ਦਾ ਦੌਰਾ ਕਰਦਿਆਂ ਫੈਸਲਾ ਕੀਤਾ ਕਿ ਕਮਿਊਨਿਟੀ ਹੈਲਥ ਸੈਂਟਰ ਨੂੰ ਜੱਚਾ-ਬੱਚਾ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇਗਾ। ਸਿਹਤ ਮੰਤਰੀ ਵੱਲੋਂ ਹਸਪਤਾਲ ਦਾ ਜਾਇਜ਼ਾ ਲਿਆ ਗਿਆ ਅਤੇ ਹੈਲਥ ਸੈਂਟਰ ਦੇ ਅਪਗਰੇਡੇਸ਼ਨ ਦਾ ਫੈਸਲਾ ਕੀਤਾ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਗਿਆਸਪੁਰਾ ਨਿਵਾਸੀਆਂ ਦੇ ਨਾਲ ਨੇੜਲੇ ਇਲਾਕੇ ਦੇ ਲੋਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਲਾਕੇ ਦੇ ਵਿੱਚ ਜੱਚਾ ਬੱਚਾ ਹਸਪਤਾਲ ਦੀ ਚਿਰੌਕਣੀ ਮੰਗ ਸੀ। ਇਲਾਕਾ ਵਾਸੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਆਉਣਾ ਪੈਂਦਾ ਸੀ ਜਿਸ ਕਰਕੇ ਉਹਨਾਂ ਨੂੰ ਕਾਫੀ ਸਫਰ ਵੀ ਤੈਅ ਕਰਨਾ ਪੈਂਦਾ ਸੀ ਪਰ ਹੁਣ ਉਹਨਾਂ ਨੂੰ ਆਪਣੇ ਇਲਾਕੇ ਦੇ ਵਿੱਚ ਹੀ ਬਿਹਤਰ ਸਿਹਤ ਸੁਵਿਧਾਵਾਂ ਮੁਹਈਆ ਹੋ ਸਕਣਗੀਆਂ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ, ਸਿਵਲ ਸਰਜਨ ਅਤੇ ਹੋਰ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਮਿਊਨਿਟੀ ਹੈਲਥ ਸੈਂਟਰ ਗਿਆਸਪੁਰਾ ਦਾ ਜਾਇਜ਼ਾ ਵੀ ਲਿਆ ਗਿਆ। ਹਲਕਾ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਕਮਿਊਨਿਟੀ ਹੈਲਥ ਸੈਂਟਰ ਨੂੰ ਜੱਚਾ ਬੱਚਾ ਹਸਪਤਾਲ ਦੇ ਵਿੱਚ ਤਬਦੀਲ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਮਿਆਰੀ ਸਿੱਖਿਆ ਅਤੇ ਚੰਗੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਇਸ ਹਸਪਤਾਲ ਦੇ ਨਾਲ ਵੱਡੀ ਸੁਵਿਧਾ ਮਿਲੇਗੀ। ਗਿਆਸਪੁਰਾ ਇਲਾਕੇ ਦੇ ਵਿੱਚ ਜਿਆਦਾਤਰ ਕਿਰਤੀ ਅਤੇ ਆਰਥਿਕ ਪੱਖੋਂਂ ਕਮਜ਼ੋਰ ਲੋਕਾਂ ਦਾ ਵਸੇਰਾ ਹੈ ਜਿਨ੍ਹਾਂ ਨੂੰ ਵੱਡੇ ਇਲਾਜ ਲਈ ਸਿਵਲ ਹਸਪਤਾਲ ਜਾਣਾ ਪੈਂਦਾ ਸੀ ਖਾਸ ਕਰਕੇ ਇਲਾਕੇ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਇਸ ਸਬੰਧੀ ਸੁਵਿਧਾ ਮਿਲੇਗੀ। ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕਿਹਾ ਗਿਆ ਉਹ ਕਰਕੇ ਵਿਖਾਇਆ ਗਿਆ ਹੈ, ਪਹਿਲਾਂ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦੇਣ ਦੇ ਲਈ ਮਹੱਲਾ ਕਲੀਨਿਕਾਂ ਦਾ ਨਿਰਮਾਣ ਕੀਤਾ ਗਿਆ ਉਸ ਤੋਂ ਬਾਅਦ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਅਪਗ੍ਰੇਡੇਸ਼ਨ ਜਿਸ ਵਿੱਚ ਆਈ.ਸੀ.ਯੂ. ਵਾਰਡ ਬਣਾਉਣ ਅਤੇ ਐਮਰਜ਼ੈਸੀ ਨੂੰ ਅਪਗਰੇਡ ਕਰਨ ਸਬੰਧੀ ਫੈਸਲਾ ਲਿਆ ਗਿਆ ਹੈ ਅਤੇ ਹੁਣ ਕਮਿਊਨਿਟੀ ਹੈਲਥ ਸੈਂਟਰਾਂ ਦੀ ਵੀ ਅਪਗ੍ਰੇਡੇਸ਼ਨ ਕੀਤੀ ਜਾ ਰਹੀ ਹੈ, ਇਸੇ ਲੜੀ ਤਹਿਤ ਗਿਆਸਪੁਰਾ ਦੇ ਹੈਲਥ ਸੈਂਟਰ ਨੂੰ ਜੱਚਾ ਬੱਚਾ ਹਸਪਤਾਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਹੀ ਇਸ ਪ੍ਰੋਜੈਕਟ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਵਾਂਗ ਲਾਰੇ ਨਹੀਂ ਲਗਾਏ ਸਗੋਂ ਜਿਹੜੀਆਂ ਗਰੰਟੀਆਂ ਦਿੱਤੀਆਂ ਉਹ ਇੱਕ-ਇੱਕ ਕਰਕੇ ਪੂਰੀਆਂ ਕੀਤੀਆਂ ਜਾ ਰਹੀਆਂ ਹਨ।