ਲੁਧਿਆਣਾ : ਸੂਬੇ ਦੇ ਜੀ.ਐਸ.ਟੀ. ਵਿਭਾਗ ਵੱਲੋਂ ਲੁਧਿਆਣਾ ਵਿੱਚ ਧੋਖਾਧੜੀ ਵਾਲੇ ਰਜਿਸਟ੍ਰੇਸ਼ਨਾਂ ਕਰਾਉਣ ਦੇ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 420, 465, 467,468 ਆਦਿ ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਕਰ ਕਮਿਸ਼ਨਰ ਪੰਜਾਬ ਸ੍ਰੀ ਕਮਲ ਕਿਸ਼ੋਰ ਯਾਦਵ ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਰਾਜ ਜੀ.ਐਸ.ਟੀ. ਵਿਭਾਗ ਵਲੋਂ ਔਨਲਾਈਨ ਪੋਰਟਲ ਰਾਹੀਂ ਪ੍ਰਾਪਤ ਹੋਈਆਂ ਨਵੀਆਂ ਰਜਿਸਟ੍ਰੇਸ਼ਨ ਅਰਜ਼ੀਆਂ ਦੀ ਡੂੰਘਾਈ ਨਾਲ ਜਾਂਚ ਅਤੇ ਪੜਤਾਲ ਕੀਤੀ, ਜਿੱਥੇ ਕਈ ਗੜਬੜੀਆਂ ਦਾ ਪਤਾ ਲਗਾਇਆ ਗਿਆ। ਸ਼੍ਰੀਮਤੀ ਰਣਧੀਰ ਕੌਰ ਡੀ.ਸੀ.ਐਸ.ਟੀ. ਨੇ ਦੱਸਿਆ ਕਿ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਅਤੇ ਜਾਅਲੀ ਤਰੀਕਿਆਂ ਨਾਲ ਜੀ.ਐਸ.ਟੀ. ਐਕਟ ਤਹਿਤ ਰਜਿਸਟਰੇਸ਼ਨ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਐਫ.ਆਈ.ਆਰ. ਦਰਜ ਕਰਨ ਵਾਲੀ ਲੁਧਿਆਣਾ-4 ਦੇ ਸਹਾਇਕ ਕਮਿਸ਼ਨਰ ਡਾ. ਸੁਮਨਦੀਪ ਕੌਰ ਨੇ ਕਿਹਾ ਕਿ ਰਜਿਸਟ੍ਰੇਸ਼ਨ ਅਰਜ਼ੀਆਂ ਦੀ ਪੜਤਾਲ ਦੌਰਾਨ ਦੇਖਿਆ ਗਿਆ ਕਿ ਕੁਝ ਬੇਈਮਾਨ ਲੋਕਾਂ ਵਲੋਂ ਫਰਜ਼ੀ ਫਰਮਾਂ ਲਈ ਜੀ.ਐਸ.ਟੀ. ਰਜਿਸਟ੍ਰੇਸ਼ਨ ਪ੍ਰਾਪਤ ਕਰਨ ਲਈ ਆਨਲਾਈਨ ਪ੍ਰਣਾਲੀਆਂ ਵਿੱਚ ਹੇਰਾਫੇਰੀ ਕਰਨ ਲਈ ਗਲਤ ਹੱਥਕੰਡੇ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਭਾਗ ਨੇ ਅਜਿਹੇ ਅਨਸਰਾਂ ਖਿਲਾਫ ਕਾਰਵਾਈ ਕੀਤੀ ਹੈ। ਲੁਧਿਆਣਾ-4 ਵਿੱਚ ਜੀ.ਐਸ.ਟੀ. ਅਧੀਨ ਤਿੰਨ ਰਜਿਸਟ੍ਰੇਸ਼ਨ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿੱਥੇ 3 ਵੱਖ-ਵੱਖ ਸਥਾਨਾਂ ਲਈ ਕਿਰਾਏ ਦੀਆਂ ਡੀਡਾਂ ਲਈ ਇੱਕੋ ਸੀਰੀਅਲ ਨੰਬਰ ਵਾਲੇ ਸਟੈਂਪ ਪੇਪਰ ਦੀ ਵਰਤੋਂ ਕੀਤੀ ਗਈ ਸੀ ਅਤੇ ਇਹਨਾਂ ਰਜਿਸਟ੍ਰੇਸ਼ਨ ਅਰਜ਼ੀਆਂ ਵਿੱਚ ਵਰਤੇ ਗਏ ਬਿਜਲੀ ਦੇ ਬਿੱਲਾਂ ਵਿੱਚ ਵੀ ਉਪਭੋਗਤਾ ਨੰਬਰ ਇੱਕੋ ਹੀ ਹੈ। ਜਦੋਂ ਬਿਜਲੀ ਵਿਭਾਗ ਰਾਹੀਂ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਕਤ ਬਿਜਲੀ ਬਿੱਲ ਦੇ ਮਾਲਕ ਦੀ ਇਨ੍ਹਾਂ ਥਾਵਾਂ 'ਤੇ ਕੋਈ ਜਾਇਦਾਦ ਨਹੀਂ ਹੈ ਅਤੇ ਉਹ ਵਿਦੇਸ਼ ਵਿਚ ਵਸਿਆ ਹੋਇਆ ਹੈ. ਸ੍ਰੀਮਤੀ ਰਣਧੀਰ ਕੌਰ ਡੀ.ਸੀ.ਐਸ.ਟੀ. ਨੇ ਕਿਹਾ ਕਿ ਭਵਿੱਖ ਵਿਚ ਅਜਿਹੇ ਕਿਸੇ ਵੀ ਅਨਸਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਰਾਜ ਦੇ ਮਾਲੀਏ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਨਗੇ।