ਲੁਧਿਆਣਾ, 30 ਅਕਤੂਬਰ : ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਦੀ ਅਗਵਾਈ ਹੇਠ ਨਿਯਮਿਤ ਤੌਰ 'ਤੇ ਜਾਗਰੂਕਤਾ ਕੈਂਪ ਲਗਾ ਕੇ ਛਾਤੀ ਦੇ ਕੈਂਸਰ ਵਿਰੁੱਧ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਸੁਰਭੀ ਮਲਿਕ ਨੇ ਟਰੱਸਟ ਦੀ ਸ਼ਲਾਘਾ ਕੀਤੀ ਹੈ। ਡਿਪਟੀ ਕਮਿਸ਼ਨਰ ਸੋਮਵਾਰ ਨੂੰ ਇੱਥੇ ਗੁਰੂ ਨਾਨਕ ਦੇਵ ਭਵਨ ਵਿਖੇ ਟਰੱਸਟ ਵੱਲੋਂ ਲਗਾਏ ਗਏ ਮੁਫ਼ਤ ਮੈਡੀਕਲ ਚੈਕਅੱਪ ਅਤੇ ਛਾਤੀ ਦੇ ਕੈਂਸਰ ਜਾਂਚ ਕੈਂਪ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਹਰ ਔਰਤ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਜਾਂਚ ਕਰਵਾਉਣ ਲਈ ਕਿਹਾ ਤਾਂ ਜੋ ਜੇਕਰ ਬੀਮਾਰੀ ਹੋਵੇ ਤਾਂ ਉਸਦਾ ਸਮੇਂ 'ਤੇ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਜੇਕਰ ਇਸ ਬਿਮਾਰੀ ਦਾ ਸ਼ੁਰੂਆਤੀ ਪੜਾਅ ਵਿੱਚ ਹੀ ਪਤਾ ਲੱਗ ਜਾਵੇ ਤਾਂ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਛਾਤੀ ਦੇ ਕੈਂਸਰ ਦਾ ਇਲਾਜ ਕਿਸੇ ਵੀ ਹੋਰ ਬਿਮਾਰੀ ਵਾਂਗ ਹੋਣਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਇਸ ਬਿਮਾਰੀ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਮੌਕੇ ਬੋਲਦਿਆਂ ਅਰੋੜਾ ਨੇ ਅੱਜ ਦੇ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੂਰਨ ਸਹਿਯੋਗ ਦੇਣ ਲਈ ਡਿਪਟੀ ਕਮਿਸ਼ਨਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਛਾਤੀ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਦਾ ਇੱਕੋ ਇੱਕ ਤਰੀਕਾ ਹੈ ਸਵੈ-ਜਾਂਚ। ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਛਾਤੀ ਦੇ ਕੈਂਸਰ ਤੋਂ ਬਚਣ ਵਾਲਿਆਂ ਦੀ ਪ੍ਰਤੀਸ਼ਤਤਾ 50 ਪ੍ਰਤੀਸ਼ਤ ਤੋਂ ਵਧਾ ਕੇ 90 ਪ੍ਰਤੀਸ਼ਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਛਾਤੀ ਦੇ ਕੈਂਸਰ ਦੇ ਲੱਛਣਾਂ ਨੂੰ ਕਦੇ ਵੀ ਵਧਾ-ਚੜ੍ਹਾ ਕੇ ਜਾਂ ਘੱਟ ਨਹੀਂ ਸਮਝਣਾ ਚਾਹੀਦਾ। ਅਰੋੜਾ ਨੇ ਕੈਂਸਰ ਨਾਲ ਮਰਨ ਵਾਲੇ ਆਪਣੇ ਮਾਤਾ-ਪਿਤਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸ਼ੁਰੂਆਤੀ ਦੌਰ 'ਚ ਇਨ੍ਹਾਂ ਦਾ ਪਤਾ ਲੱਗ ਜਾਂਦਾ ਤਾਂ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਛਾਤੀ ਦੇ ਕੈਂਸਰ ਵਿਰੁੱਧ ਲੋਕ ਜਾਗਰੂਕਤਾ ਪੈਦਾ ਕਰਨ ਲਈ ਦੋ ਲਘੂ ਫਿਲਮਾਂ ''ਰਿਵਾਈਂਡ'' ਅਤੇ ''ਮੇਰੀ ਦਾਸਤਾਨ'' ਵੀ ਬਣਾਈਆਂ ਗਈਆਂ ਹਨ। ਇਹ ਦੋਵੇਂ ਲਘੂ ਫਿਲਮਾਂ ਲੱਖਾਂ ਲੋਕਾਂ ਨੇ ਦੇਖੀਆਂ ਹਨ। ਇਨ੍ਹਾਂ ਫਿਲਮਾਂ ਨੂੰ ਬਾਲੀਵੁੱਡ, ਰਾਜਨੀਤੀ ਅਤੇ ਹੋਰ ਖੇਤਰਾਂ ਦੀਆਂ ਕਈ ਮਸ਼ਹੂਰ ਹਸਤੀਆਂ ਦੁਆਰਾ ਪਸੰਦ ਅਤੇ ਰੀਟਵੀਟ ਵੀ ਕੀਤਾ ਗਿਆ ਹੈ। ਡਾ: ਸੰਦੀਪ ਪੁਰੀ, ਪਿ੍ੰਸੀਪਲ, ਡੀ.ਐਮ.ਸੀ.ਐਚ, ਲੁਧਿਆਣਾ ਨੇ ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋਂ ਪੀੜਤ ਮਨੁੱਖਤਾ ਨੂੰ ਦਿੱਤੀਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਟਰੱਸਟ ਨੇ ਹੁਣ ਤੱਕ 250 ਤੋਂ ਵੱਧ ਕੈਂਸਰ ਦੇ ਮਰੀਜ਼ਾਂ ਨੂੰ ਗੋਦ ਲਿਆ ਹੈ ਅਤੇ ਇਹ ਪ੍ਰਕਿਰਿਆ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਅਰੋੜਾ, ਜੋ ਕਿ ਡੀਐਮਸੀਐਚ ਮੈਨੇਜਿੰਗ ਸੁਸਾਇਟੀ ਦੇ ਉਪ ਪ੍ਰਧਾਨ ਵੀ ਹਨ, ਸਿਹਤ ਸੰਭਾਲ ਦੇ ਖੇਤਰ ਵਿੱਚ ਬਹੁਤ ਕੁਝ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਅਰੋੜਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਡੀਐਮਸੀਐਚ ਦੀਆਂ ਫੀਸਾਂ ਨਾ ਵਧਾਈਆਂ ਜਾਣ ਅਤੇ ਸਸਤੀਆਂ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣ। ਡਾ: ਸੰਦੀਪ ਪੁਰੀ ਅਤੇ ਡੀ.ਐਮ.ਸੀ.ਐਚ ਦੇ ਹੋਰ ਡਾਕਟਰਾਂ, ਡਾ: ਸੁਮਨ ਪੁਰੀ ਅਤੇ ਡਾ: ਜੀ.ਐਸ ਬਰਾੜ ਨੇ ਛਾਤੀ ਦੇ ਕੈਂਸਰ ਵਿਰੁੱਧ ਜਾਗਰੂਕਤਾ ਪੈਦਾ ਕੀਤੀ | ਉਨ੍ਹਾਂ ਸਪੱਸ਼ਟ ਕਿਹਾ ਕਿ ਲੋਕਾਂ ਨੂੰ ਕੈਂਸਰ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਇਸ ਵਿਰੁੱਧ ਲੜਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ ਕਿਉਂਕਿ ਹੁਣ ਛਾਤੀ ਦੇ ਕੈਂਸਰ ਸਮੇਤ ਹਰ ਕਿਸਮ ਦੇ ਕੈਂਸਰ ਦੇ ਇਲਾਜ ਲਈ ਬਿਹਤਰ ਕੀਮੋਥੈਰੇਪੀ ਅਤੇ ਸਰਜਰੀਆਂ ਹਨ। ਉਨ੍ਹਾਂ ਕਿਹਾ ਕਿ ਛਾਤੀ ਦੇ ਕੈਂਸਰ ਵਿਰੁੱਧ ਵਿਆਪਕ ਜਾਗਰੂਕਤਾ ਨਾਲ ਭਵਿੱਖ ਵਿੱਚ ਇਸ ਨੂੰ ਦੇਸ਼ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਦੌਰਾਨ ਲਘੂ ਫਿਲਮ “ਮੇਰੀ ਦਾਸਤਾਨ” ਵੀ ਦਿਖਾਈ ਗਈ ਜਿਸ ਵਿੱਚ ਸਕੂਲੀ ਵਿਦਿਆਰਥਣਾਂ, ਆਂਗਣਵਾੜੀ ਵਰਕਰਾਂ, ਸਮਾਜ ਸੇਵੀ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਗਲਾਡਾ ਦੇ ਮੁੱਖ ਪ੍ਰਸ਼ਾਸਕ ਸਾਗਰ ਸੇਤੀਆ, ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਹੋਰ ਕਈ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਇਸ ਸਮਾਗਮ ਨੂੰ ਫੇਮੇਲਾ ਅਤੇ ਹੈਮਪਟਨ ਹੋਮਸ ਦੁਆਰਾ ਸਪਾਂਸਰ ਕੀਤਾ ਗਿਆ ਸੀ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਔਰਤਾਂ ਡੀਐਮਸੀਐਚ, ਲੁਧਿਆਣਾ ਦੇ ਡਾਕਟਰਾਂ ਦੀ ਟੀਮ ਦੁਆਰਾ ਆਪਣੀ ਜਾਂਚ ਕਰਵਾਉਣ ਲਈ ਉਤਸ਼ਾਹਿਤ ਨਜ਼ਰ ਆਈਆਂ। ਇੱਕ ਸਵਾਲ-ਜਵਾਬ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਮੈਡੀਕਲ ਮਾਹਿਰਾਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ ਔਰਤਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਸੈਸ਼ਨ ਦੌਰਾਨ ਡਾਕਟਰਾਂ ਵੱਲੋਂ ਛਾਤੀ ਦੇ ਕੈਂਸਰ ਸਬੰਧੀ ਕਈ ਸ਼ੰਕਿਆਂ ਦਾ ਨਿਪਟਾਰਾ ਕੀਤਾ ਗਿਆ।