- ਹੁਣ ਤੱਕ ਵਿਅਕਤੀਗਤ ਕਿਸਾਨਾਂ ਵੱਲੋਂ 1805 ਮਸ਼ੀਨਾਂ ਅਤੇ 107 ਕਸਟਮ ਹਾਈਰਿੰਗ ਸੈਂਟਰਾਂ ਵੱਲੋਂ ਸਬਿਡਸੀ ਯੁਕਤ ਮਸ਼ੀਨਾਂ ਲਈ ਕੀਤਾ ਅਪਲਾਈ
- ਸਰਫੇਸ ਸੀਡਰ' ਮਸ਼ੀਨ ਬਾਕੀ ਮਸ਼ੀਨਾਂ ਨਾਲੋਂ ਸਸਤੀ, ਝੋਨੇ ਦੀ ਵਾਢੀ ਤੋਂ ਤੁਰੰਤ ਬਾਅਦ ਹੋ ਸਕੇਗੀ ਕਣਕ ਦੀ ਬਿਜਾਈ
ਮੋਗਾ, 6 ਸਤੰਬਰ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਲਆਣਾ ਵੱਲੋਂ ਤਿਆਰ ਕੀਤੀ ਗਈ ਨਵੀਨਤਮ ਮਸ਼ੀਨ 'ਸਰਫੇਸ ਸੀਡਰ' ਉਪਦਾਨ 'ਤੇ ਦੇਣ ਲਈ ਬਿਨ੍ਹੈ ਪੱਤਰਾਂ ਦੀ ਮੰਗ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਐਗਰੀ ਮਸ਼ੀਨਰੀ ਪੰਜਾਬ ਪੋਰਟਲ http://agrimachinerypb.com/ ਤੋਂ ਮਿਤੀ 10 ਸਤੰਬਰ ਸ਼ਾਮ 5 ਵਜੇ ਤੱਕ ਕੀਤੀ ਗਈ ਹੈ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਪੱਧਰੀ ਨਿਗਰਾਨ ਕਮੇਟੀ (ਕਰਾਪ ਸਟੱਬਲ ਬਰਨਿੰਗ ਕੰਟਰੋਲ) ਸ੍ਰ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਅਧੀਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਖੇਤੀ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਹੁਣ ਤੱਕ ਜ਼ਿਲ੍ਹਾ ਮੋਗਾ ਦੇ ਵਿਅਕਤੀਗਤ ਕਿਸਾਨਾਂ ਵੱਲੋਂ 1805 ਮਸ਼ੀਨਾਂ 'ਤੇ ਅਤੇ 107 ਕਸਟਮ ਹਾਈਰਿੰਗ ਸੈਂਟਰਾਂ ਵੱਲੋਂ ਵੱਖ-ਵੱਖ ਮਸ਼ੀਨਾਂ 'ਤੇ ਸਬਸਿਡੀ ਪ੍ਰਾਪਤ ਕਰਨ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਲੜੀ ਵਿੱਚ ਸਰਕਾਰ ਵੱਲੋਂ ਨਵੀਨਤਮ ਮਸ਼ੀਨ 'ਸਰਫੇਸ ਸੀਡਰ' 'ਤੇ ਸਬਸਿਡੀ ਪ੍ਰਾਪਤ ਕਰਨ ਹਿੱਤ ਅਰਜੀਆਂ ਦੀ ਮੁੜ ਤੋਂ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰਾਂ ਵਿੱਚ ਜਾ ਕੇ ਸੰਪਰਕ ਕਰ ਸਕਦੇ ਹਨ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਸ੍ਰ. ਮਨਜੀਤ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਮਸ਼ੀਨ 'ਸਰਫੇਸ ਸੀਡਰ' ਨਾਲ ਕਣਕ ਦੀ ਬਿਜਾਈ ਦਾ ਖਰਚਾ ਬਹੁਤ ਘੱਟ ਆਉਂਦਾ ਹੈ ਅਤੇ ਇਸ ਦੀ ਕੀਮਤ ਤਕਰੀਬਨ 80 ਹਜ਼ਾਰ ਰੁਪਏ ਹੈ ਜ਼ੋ ਕਿ ਬਾਕੀ ਮਸ਼ੀਨਰੀ ਨਾਲੋਂ ਕਾਫੀ ਘੱਟ ਹੈ। ਇਸ ਮਸ਼ੀਨ ਨਾਲ ਝੋਨੇ ਦੀ ਵਾਢੀ ਤੋਂ ਤੁਰੰਤ ਬਾਅਦ ਹੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਨੂੰ ਚਲਾਉਣ ਲਈ 45 ਹਾਰਸਪਾਵਰ ਦਾ ਟਰੈਕਟਰ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਪੋਰਟਲ http://agrimachinerypb.com 'ਤੇ ਅਰਜੀ ਭਰਨ ਸਮੇਂ ਕਿਸਾਨ ਪਾਸ ਆਧਾਰ ਕਾਰਡ, ਫੋਟੋ, ਅਨੁਸੂਚਿਤ ਜਾਤੀ ਦਾ ਸਰਟੀਫਿਕੇਟ (ਜੇਕਰ ਬਿਨ੍ਹੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ) ਹੋਣਾ ਜਰੂਰੀ ਹੈ। ਕਿਸਾਨ ਸਮੂਹਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਹੋਰ ਸੰਸਥਾਵਾਂ ਦੇ ਮੁਖੀਆਂ ਅਤੇ ਦੋ ਹੋਰ ਮੈਂਬਰਾਂ ਦਾ ਆਧਾਰ ਕਾਰਡ ਤੇ ਸੋਸਾਇਟੀ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਅਰਜੀਆਂ ਪ੍ਰਾਪਤ ਹੋਣ ਉਪਰੰਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਯੋਗ ਬਿਨੈਕਾਰਾਂ ਨੂੰ ਮਸ਼ੀਨਾਂ ਲੈਣ ਲਈ ਮਨਜੂਰੀ ਪੱਤਰ ਪੋਰਟਲ ਰਾਹੀਂ ਹੀ ਜਾਰੀ ਕੀਤਾ ਜਾਵੇਗਾ, ਜਿਸ ਉਪਰੰਤ ਕਿਸਾਨ ਪੋਰਟਲ ਵਿੱਚ ਦਰਜ ਕਿਸੇ ਵੀ ਪ੍ਰਵਾਨਿਤ ਮਸ਼ੀਨਰੀ ਨਿਰਮਾਤਾ/ਡੀਲਰ ਤੋਂ ਮਸ਼ੀਨ ਦੀ ਖਰੀਦ ਕਰ ਸਕਦੇ ਹਨ।