ਫਾਜ਼ਿਲਕਾ 26 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਹਰਿਆਲੀ ਤੇ ਸ਼ੁੱਧਤਾ ਲਈ ਉਹ ਪ੍ਰਤੀ ਏਕੜ ਦੇ ਹਿਸਾਬ ਨਾਲ 4 ਬੂਟੇ ਜ਼ਰੂਰ ਲਗਾਉਣ ਤੇ ਉਸਦੀ ਦੇਖਭਾਲ ਵੀ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਹਰਿਆਲੀ ਮੁਹਿੰਮ ਤਹਿਤ ਬੂਟੇ ਲਗਵਾਏ ਜਾ ਰਹੇ ਹਨ ਤੇ ਜ਼ਿਲ੍ਹੇ ਫਾਜ਼ਿਲਕਾ ਵਿੱਚ ਪਿਛਲੇ ਮਹੀਨੇ ਤੱਕ ਲਗਭਗ 3 ਲੱਖ ਬੂਟੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰਾ ਭਰਾ ਵਾਤਾਵਰਨ ਸਿਰਜਨ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਬੂਟੇ ਜਿੱਥੇ ਵੱਡੇ ਹੋ ਕੇ ਸਾਨੂੰ ਫਲ, ਫੁੱਲ ਤੇ ਛਾਂ ਪ੍ਰਦਾਨ ਕਰਨਗੇ ਉੱਥੇ ਹੀ ਵਾਤਾਵਰਨ ਨੂੰ ਹਰਾ ਭਰਾ ਤੇ ਪ੍ਰਦੂਸ਼ਣ ਮੁਕਤ ਰੱਖਣ ਵਿੱਚ ਯੋਗਦਾਨ ਪਾਉਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਵਿੱਚ ਗਰਮੀ ਦੀ ਤਪਸ ਵੀ ਵੱਧ ਰਹੀ ਹੈ ਤੇ ਇਹ ਬੂਟੇ ਵੱਡੇ ਹੋ ਕੇ ਗਰਮੀ ਦੀ ਤਪਸ ਨੂੰ ਵੀ ਮਾਤ ਦੇਣਗੇ। ਉਨ੍ਹਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਰਾ ਭਰਾ ਤੇ ਜੀਵਨ ਰਹਿਤ ਵਾਤਾਵਰਨ ਦੇਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।