- ਹਲਕਾ ਵਿਧਾਇਕ ਨੇ ਰਾਧਾ ਅਸ਼ਟਮੀ ਸਮਾਗਮ ਵਿੱਚ ਹਾਜ਼ਰੀ ਲਗਵਾਈ
- ਕਿਹਾ; ਹਰ ਧਰਮ ਭਾਈਚਾਰਕ ਸਾਂਝ ਦਾ ਦਿੰਦਾ ਹੈ ਸੁਨੇਹਾ
- ਬ੍ਰਹਾਮਣ ਸਮਾਜ ਸੇਵਾ ਸੰਗਠਨ ਵੱਲੋ ਅੱਗਰਵਾਲ ਧਰਮਸ਼ਾਲਾ ਵਿੱਖੇ ਸ਼੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਗਿਆ ਮਨਾਇਆ
ਫ਼ਤਹਿਗੜ੍ਹ ਸਾਹਿਬ, 25 ਸਤੰਬਰ : ਹਰ ਧਰਮ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ। ਸਮਾਜ ਵਿਚ ਭਾਈਚਾਰਕ ਸਾਂਝ ਜਿੰਨੀ ਜ਼ਿਆਦਾ ਮਜ਼ਬੂਤ ਹੋਵੇਗੀ, ਸਮਾਜ ਓਨੀ ਹੀ ਜ਼ਿਆਦਾ ਤਰੱਕੀ ਕਰਦਾ ਹੈ। ਇਸ ਲਈ ਲਾਜ਼ਮੀ ਹੈ ਕਿ ਸਮਾਜ ਵਿਚ ਵਿਚਰਦਿਆਂ ਹਰ ਇਨਸਾਨ ਸਮਾਜਕ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੇ ਅਤੇ ਹਰ ਇਕ ਦੇ ਅਕੀਦੇ ਤੇ ਵਿਸ਼ਵਾਸ ਦਾ ਸਤਿਕਾਰ ਕੀਤਾ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਧਾ ਅਸ਼ਟਮੀ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਵੇਲੇ ਹਲਕਾ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਵਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਸਾਨੂੰ ਸਾਡੀਆਂ ਉੱਚੀਆਂ ਕਦਰਾਂ ਕੀਮਤਾਂ ਨਾਲ ਜੋੜਦੇ ਹਨ, ਓਥੇ ਸਮਾਜਕ ਤੰਦਾਂ ਨੂੰ ਵੀ ਮਜ਼ਬੂਤ ਕਰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਸਾਡੇ ਧਾਰਮਿਕ ਅਕੀਦਿਆਂ ਤੋਂ ਸੇਧ ਲੈਕੇ ਜੀਵਨ ਬਤੀਤ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬ੍ਰਹਾਮਣ ਸਮਾਜ ਸੇਵਾ ਸੰਗਠਨ ਵੱਲੋ ਅੱਗਰਵਾਲ ਧਰਮਸ਼ਾਲਾ ਵਿੱਖੇ ਸ਼੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬੱਸੀ ਪਠਾਣਾਂ ਤੇ ਸਰਹੰਦ ਦੀਆਂ ਭਜਨ ਮੰਡਲੀਆਂ ਤੇ ਗਾਇਕ ਪ੍ਰਿਯੰਕਾ ਰਾਜਪੁਤ ਵੱਲੋ ਸ਼੍ਰੀ ਰਾਧਾ ਰਾਣੀ ਦੇ ਸੁੰਦਰ ਭਜਨਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਕੌਂਸਲਰ ਰਾਜ ਪੂਰੀ, ਕੌਂਸਲਰ ਰਜਨੀ ਤੁਲਾਨੀ, ਰਾਜੀਵ ਵਾਲਮੀਕੀ, ਜਸਵੀਰ ਸਿੰਘ ਢਿੱਲੋਂ, ਅਸ਼ੋਕ ਤੁਲਾਨੀ, ਜਸਵਿੰਦਰ ਸਿੰਘ ਪਿੰਕਾ, ਇੰਦਰਜੀਤ ਸਿੰਘ ਜਿਲ੍ਹਾ ਇੰਚਾਰਜ ਸ਼ੋਸ਼ਲ ਮੀਡੀਆ ,ਮਨਪ੍ਰੀਤ ਸੋਮਲ,ਅਮਰਜੀਤ ਸਿੰਘ ( ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ), ਮਿੰਟੂ ਬਾਜਵਾ, ਗੁਰਪ੍ਰੀਤ ਸਿੰਘ ਗੋਪੀ, ਹਰਪ੍ਰੀਤ ਸਿੰਘ ਧੀਮਾਨ ਸਮੇਤ ਵੱਡੀ ਗਿਣਤੀ ਸ਼ਰਧਾਲੂ ਹਾਜ਼ਰ ਸਨ।