- ਪੰਜਾਬ ਸਰਕਾਰ ਬਜ਼ੁਰਗਾਂ ਦੀ ਸਿਹਤ ਸੰਭਾਲ ਪ੍ਰੋਗਰਾਮ ਅਧੀਨ ਬਜ਼ੁਰਗਾਂ ਦੀ ਚੰਗੀ ਸਿਹਤ ਸੰਭਾਲ ਲਈ ਵਚਨਵੱਧ: ਡਾ. ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ
ਸ੍ਰੀ ਮੁਕਤਸਰ ਸਾਹਿਬ, 01 ਅਕਤੂਬਰ 2024 : ਸਿਹਤ ਵਿਭਾਗ ਵੱਲੋਂ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਬਜੁਰਗਾਂ ਲਈ ਅੰਤਰਾਸ਼ਟਰੀ ਦਿਵਸ ਦੇ ਸਬੰਧ ਵਿਚ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਜਿਲ੍ਹੇ ਦੇ ਸਮੂਹ ਮ.ਪ.ਹ.ਸ ਮੇਲ ਅਤੇ ਮੈਡੀਕਲ ਲੈਬ ਟੈਕਨੀਸ਼ੀਅਨਾਂ ਨੇ ਭਾਗ ਲਿਆ। ਇਸ ਸਮਾਗਮ ਦੌਰਾਨ ਡਾ. ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ ਨੇ ਦੱਸਿਆ ਕਿ ਹਰ ਸਾਲ ਇੱਕ ਅਕਤੂਬਰ ਨੂੰ ਬਜੁਰਗਾਂ ਦੀ ਸਿਹਤ ਸੰਭਾਲ ਸਬੰਧੀ ਅੰਤਰਾਸ਼ਟਰੀ ਦਿਵਸ ਮਨਾਇਆ ਜਾਦਾ ਹੈ। ਇਸ ਦਿਨ ਲੋਕਾਂ ਨੂੰ ਬਜੁਰਗਾਂ ਦੇ ਆਤਮ ਸਨਮਾਨ, ਉਨ੍ਹਾਂ ਦੀ ਸਿਹਤ ਅਤੇ ਦੇਖਭਾਲ ਸਬੰਧੀ ਜਾਗਰੁਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜੁਰਗਾਂ ਨੂੰ ਆਯੂਸ਼ਮਾਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸ਼ਾਮਿਲ ਕੀਤਾ ਗਿਆਂ ਹੈ ਜਿਸ ਅਧੀਨ 5 ਲੱਖ ਤੱਕ ਦਾ ਸਲਾਨਾ ਇਲਾਜ ਮੁਫਤ ਕੀਤਾ ਜਾਵੇਗਾ। ਸਿਹਤ ਵਿਭਾਗ ਵੱਲੋਂ ਬਜੁਰਗਾਂ ਲਈ ਅੰਤਰਾਸ਼ਟਰੀ ਦਿਵਸ ਦੇ ਸਬੰਧ ਵਿਚ 30 ਸਤੰਬਰ ਤੋਂ 5 ਅਕਤੂਬਰ ਤੱਕ ਜਾਗੁਰਕਤਾ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਅਧੀਨ ਸਿਹਤ ਵਿਭਾਗ ਦੇ ਸਟਾਫ ਵੱਲੋਂ ਬਜੁਰਗਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਸੇਵਾਵਾਂ ਬਾਰੇ ਜਾਗਰੁਕ ਕੀਤਾ ਜਾਵੇਗਾ। ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਜੁਰਗਾਂ ਨੂੰ ਪਹਿਲ ਦੇ ਅਧਾਰ ਤੇ ਮੁਫਤ ਸਿਹਤ ਸੇਵਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਜੁਰਗਾਂ ਦੀ ਸਿਹਤ ਸੰਭਾਲ ਸਬੰਧੀ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਅਧੀਨ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਜੁਰਗਾਂ ਲਈ ਵੱਖਰੀ ਓ.ਪੀ.ਡੀ. ਕਤਾਰ ਲਗਾਈ ਜਾਂਦੀ ਹੈ, ਇਸ ਤੋਂ ਇਲਾਵਾ ਬਜੁਰਗਾਂ ਦੇ ਲੈਬ ਟੈਸਟ, ਦਵਾਈਆਂ, ਈ.ਸੀ.ਜੀ., ਐਕਸਰੇ, ਫਿਜ਼ੀਉਥੈਰਪੀ ਆਦਿ ਸੇਵਾਵਾਂ ਮੁਫਤ ਅਤੇ ਪਹਿਲ ਦੇ ਅਧਾਰ ਤੇ ਉਪਲੱਬਧ ਕਰਵਾਈਆਂ ਜਾਂਦੀਆਂ ਹਨ।ਸਰਕਾਰੀ ਹਸਪਤਾਲਾਂ ਵਿਚ ਬਜੁਰਗਾਂ ਨੂੰ ਦਾਖਲ ਕਰਨ ਲਈ ਰਾਖਵੇਂ ਬੈੱਡ ਰੱਖੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਇਲਾਜ ਕਰਵਾਉਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ ਨੇ ਕਿਹਾ ਕਿ ਬਜੁਰਗ ਸਾਡੇ ਸਮਾਜ ਦਾ ਸਰਮਾਇਆ ਹਨ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਅਤੇ ਮੁਸ਼ਕਲਾਂ ਦਾ ਹੱਲ ਕਰਨਾ ਸਾਡੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਸਮੂਹ ਸੁਪਰਵਾਇਜ਼ਰੀ ਸਟਾਫ ਨੂੰ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਫੀਲਡ ਸਟਾਫ ਨੂੰ ਜਾਗਰੁਕ ਕੀਤਾ ਜਾਵੇ ਕਿ ਬਜੁਰਗਾਂ ਨੂੰ ਸਿਹਤਮੰਦ ਰਹਿਣ ਲਈ ਨਿਯਮਤ ਕਸਰਤ ਕਰਨੀ ਚਾਹੀਦੀ ਹੈ, ਆਲਸ ਤੋਂ ਬਚਣਾ ਚਾਹੀਦਾ ਹੈ, ਸਮੇਂ ਸਿਰ ਸਿਹਤ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਆਪਣੀ ਨਿੱਜੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜੁਰਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਬਜੁਰਗ ਹੈਲਪਲਾਈਨ (ਐਲਡਰਲੀ ਲਾਈਨ) ਨੰਬਰ 14567 ਸ਼ੁਰੂ ਕੀਤਾ ਗਿਆ ਹੈ, ਜਿਸ ਉਪਰ ਬਜੁਰਗ ਕਿਸੇ ਵੀ ਸਮੇਂ ਕਾਲ ਕਰਕੇ ਸਮੱਸਿਆ ਦੱਸ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਬਜੁਰਗ ਹੈਲਪਲਾਈਨ ਨੰਬਰ ਰਾਹੀਂ ਮਾਨਸਿਕ, ਸਰੀਰਕ ਅਤੇ ਸਮਾਜਿਕ ਤਨਾਓ ਵਰਗੀਆਂ ਸਮੱਸਿਆਵਾਂ ਨੂੰ ਬਜੁਰਗ ਸਾਂਝਾ ਕਰ ਸਕਦੇ ਹਨ। ਇਸ ਸਬੰਧੀ ਬਣਾਈ ਟੀਮ ਵੱਲੋਂ ਉਹਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਭਗਵਾਨ ਦਾਸ, ਲਾਲ ਚੰਦ ਜਿਲ਼੍ਹਾ ਹੈਲਥ ਇੰਸਪੈਕਟਰ, ਪਵਿੱਤਰ ਸਿੰਘ ਜਿਲ੍ਹਾ ਲੈਬ ਟੈਕਨੀਸ਼ੀਅਨ ਅਤੇ ਜਿਲੇ ਦੇ ਸਮੂਹ ਮ.ਪ.ਹ.ਸ. ਮੇਲ ਅਤੇ ਲੈਬ ਟੈਕਨੀਸ਼ੀਅਨ ਹਾਜ਼ਰ ਸਨ।