ਮੁੱਲਾਂਪੁਰ ਦਾਖਾ 5 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਜੁਝਾਰੂ ਕਿਸਾਨ ਜੱਥੇਬੰਦੀਆਂ ਦੇ ਸਾਂਝਾ ਫਾਰਮ ਦੇ ਦੇਸ਼ ਪੱਧਰੀ ਸੱਦੇ ਅਨੁਸਾਰ 7 ਅਪ੍ਰੈਲ ਦਿਨ ਐਤਵਾਰ ਨੂੰ ਠੀਕ 11 ਵਜੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਚੌਂਕ ਭਾਈ ਬਾਲਾ ਵਿਖੇ ਸਮੂਹ ਜੁਝਾਰੂ ਕਿਸਾਨ ਜੱਥੇਬੰਦੀਆਂ ਵੱਲੋਂ ਵਿਸ਼ਾਲ ਸਾਂਝੀ ਕਿਸਾਨ- ਮਜ਼ਦੂਰ ਰੈਲੀ ਕੀਤੀ ਜਾਵੇਗੀ। ਜਿਸ ਉਪਰੰਤ ਡੀ.ਸੀ. ਦਫਤਰ ਲੁਧਿਆਣਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਜਾਵੇਗਾ। ਇਹ ਸੂਚਨਾ ਅੱਜ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ( ਰਜਿ:) ਜ਼ਿਲ੍ਹਾ ਲੁਧਿਆਣਾ ਦੀ ਚੌਂਕੀਮਾਨ ਟੋਲ ਪਲਾਜ਼ਾ ਵਿਖੇ ਹੋਈ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਉਪਰੰਤ ਜਾਰੀ ਕੀਤੀ ਗਈ ਹੈ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਖਜਾਨਚੀ ਅਮਰੀਕ ਸਿੰਘ ਤਲਵੰਡੀ, ਡਾ. ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ, ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਵਰਨਣ ਕੀਤਾ ਕਿ ਕੇਂਦਰ ਦੀ ਜਾਲਮ ਤੇ ਕਾਤਲ ਮੋਦੀ ਹਕੂਮਤ ਵੱਲੋਂ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ ਅਤੇ ਪੂਰੇ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕਰਜਾ ਮੁਕਤੀ ਕਰਨ ਸਮੇਤ 9-12- 2021 ਨੂੰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਵਾਲਾ ਗਜਟ ਨੋਟੀਫਿਕੇਸ਼ਨ ਜਾਰੀ ਕਰਨ ਦੀ ਬਜਾਏ, ਸੰਘਰਸ਼ ਸੀਲ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਹਰਿਆਣਾ ਬਾਰਡਰ ਤੇ ਰੋਕਣ ,500 ਤੋਂ ਉੱਪਰ ਕਿਸਾਨਾਂ ਤੇ ਨੌਜਵਾਨਾਂ ਨੂੰ ਫੱਟੜ ਕਰਨ ਅਤੇ 13 ਨੂੰ ਸ਼ਹੀਦ ਕੀਤੇ ਜਾਣ ਅਤੇ ਹਰਿਆਣਾ 'ਚ ਕਿਸਾਨਾਂ ਦੀ ਫੜੋ- ਫੜੀ ਕਰਨ ਵਿਰੁੱਧ; ਤਿੱਖੇ ਗੁੱਸੇ ਅਤੇ ਰੋਹ ਦਾ ਪ੍ਰਗਟਾਵਾ ਕਰਨ ਲਈ ਅਤੇ ਹੱਕੀ ਮੰਗਾਂ ਲਾਗੂ ਕਰਵਾਉਣ ਲਈ , 7 ਅਪ੍ਰੈਲ ਨੂੰ ਦੇਸ਼ ਭਰ ਦੇ ਜ਼ਿਲ੍ਹਾ ਹੈਡ ਕੁਆਟਰਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ, ਜਿਸ ਵਿੱਚ ਸਾਂਝੇ ਫੋਰਮ ਦੀਆਂ ਸਮੂਹ ਜੁਝਾਰੂ ਕਿਸਾਨ ਜੱਥੇਬੰਦੀਆਂ ਵਧ ਚੜ੍ਹ ਕੇ ਸ਼ਮੂਲੀਅਤ ਕਰਨਗੀਆਂ। ਅੱਜ ਦੀ ਮੀਟਿੰਗ 'ਚ ਅਵਤਾਰ ਸਿੰਘ ਤਾਰ, ਜਸਵੰਤ ਸਿੰਘ ਮਾਨ, ਜਗਦੇਵ ਸਿੰਘ ਗੁੜੇ, ਤੇਜਿੰਦਰ ਸਿੰਘ ਬਿਰਕ ,ਬੂਟਾ ਸਿੰਘ ਬਰਸਾਲ ਵਿਜੇ ਕੁਮਾਰ ਪੰਡੋਰੀ, ਗੁਰਦੀਪ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ, ਗੁਰਚਰਨ ਸਿੰਘ ਤਲਵੰਡੀ, ਸਰਜੀਤ ਸਿੰਘ ਸਵੱਦੀ, ਲਛਮਣ ਸਿੰਘ ਸਿੱਧਵਾਂ, ਮਨਜੀਤ ਸਿੰਘ ਸਿੱਧਵਾਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।