- 02 ਅਕਤੂਬਰ ਤੱਕ ਚੱਲ ਰਹੇ ਸਵੱਛਤਾ ਹੀ ਸੇਵਾ ਪੰਦਰਵਾੜੇ ਵਿੱਚ ਪੰਜਾਬੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ
- ਸਵੱਛਤਾ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਹੋ ਸਕਦੈ ਖਾਤਮਾ
- ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਬੱਚਤ ਭਵਨ ਵਿਖੇ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਕਰਵਾਏ ਸਮਾਗਮ ਵਿੱਚ ਕੀਤੀ ਸ਼ਿਰਕਤ
ਫ਼ਤਹਿਗੜ੍ਹ ਸਾਹਿਬ, 27 ਸਤੰਬਰ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵੱਲੋਂ ਕੀਤੇ ਗਏ ਯਤਨਾ ਸਦਕਾ ਪੰਜਾਬ ਦੇ 25 ਫੀਸਦੀ ਪਿੰਡ ਓ.ਡੀ.ਐਫ. ਬਣ ਚੁੱਕੇ ਹਨ ਅਤੇ ਆਉਂਦੇ ਸਾਲ ਅੰਦਰ ਇਸ ਵਿੱਚ ਹੋਰ ਪਿੰਡਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਬੱਚਤ ਭਵਨ ਵਿਖੇ ਸਵੱਛਤਾ ਹੀ ਸੇਵਾ ਪੰਦਰਵਾੜੇ ਅਧੀਨ ਨਗਰ ਕੌਂਸਲ ਸਰਹਿੰਦ ਵੱਲੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਕਰਵਾਏ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਵੱਛਤਾ ਬਹੁਤ ਜਰੂਰੀ ਹੈ ਕਿਉਂਕਿ ਸਾਫ ਸਫਾਈ ਨੂੰ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਵੱਡਾ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਵੱਛਤਾ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ ਇਸ ਲਈ ਸਾਰੇ ਨਾਗਰਿਕਾਂ ਨੁੰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਪੰਦਰਵਾੜੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ 02 ਅਕਤੂਬਰ ਨੂੰ ਜਿਥੇ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ ਮਨਾਉਂਦਾ ਹੈ ਉਥੇ ਹੀ ਇਸ ਬਾਰੇ ਸਾਨੂੰ ਸਾਰਿਆਂ ਨੂੰ ਸਵੱਛਤਾ ਰੱਖਣ ਬਾਰੇ ਵੀ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਓ.ਡੀ.ਐਫ. ਪਲੱਸ ਪਿੰਡ ਅਜਿਹੇ ਪਿੰਡ ਹਨ ਜਿਸ ਨੇਠੋਸ ਜਾਂ ਤਰਲ ਰਹਿੰਦ ਖੂੰਹਦ ਪ੍ਰਬੰਧਨ ਪ੍ਰਣਾਲੀਆਂ ਨੂੰ ਲਾਗੂ ਕਰਨ ਦੇ ਨਾਲ-ਨਾਲ ਖੁਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਰਹੇ ਹੋਣ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਗ੍ਰਾਮੀਣ ਮਿਸ਼ਨ ਅਧੀਨ ਹੁਣ ਤੱਕ ਪੰਜਾਬ ਦੇ 3028 ਪਿੰਡਾਂ ਨੂੰ ਓ.ਡੀ.ਐਫ. ਪਲੱਸ ਐਲਾਨਿਆਂ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਗ੍ਰਾਮੀਣ ਮਿਸ਼ਨ ਅਧੀਨ ਪਿੰਡਾਂ ਨੂੰ ਖੁਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਕਰਨ ਵਿੱਚ ਪੰਜਾਬ ਦੇਸ਼ ਭਰ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਲ ਹੈ। ਜਿੰਪਾ ਨੇ ਕਿਹਾ ਕਿ ਪਹਿਲਾਂ ਚੱਲੀ ਓ.ਡੀ.ਐਫ. ਮੁਹਿੰਮ ਅਧੀਨ ਸੂਬੇ ਵਿੱਚ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਓ.ਡੀ.ਐਫ. ਪਲੱਸ ਵੀ ਤੇਜੀ ਨਾਲ ਚੱਲ ਰਿਹਾ ਹੈ। ਉਨ੍ਹਾਂ ਇਸ ਮੌਕੇ ਪੰਜਾਬ ਦੇ ਲੋਕਾਂ ਨੁੰ ਅਪੀਲ ਕੀਤੀ ਕਿ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਰੋਕ ਲਗਾਉਣੀ ਬਹੁਤ ਜਰੂਰੀ ਹੈ ਅਤੇ ਸਾਨੂੰ ਪਲਾਸਟਿਕ ਦੀ ਥਾਂ ਹੋਰ ਬਦਲਵੇਂ ਵਿਕਲਪਾਂ ਦੀ ਵਰਤੋਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਦੀ ਥਾਂ ਕੱਚ ਅਤੇ ਜੂਟਝ ਆਦਿ ਦੀ ਵਰਤੋਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਥਰਮੋਕੋਲ ਦੀਆਂ ਵਸਤਾਂ ਨਸ਼ਟ ਨਹੀਂ ਹੁੰਦੀਆਂ ਜਿਸ ਕਾਰਨ ਵਾਤਾਵਰਣ ਪ੍ਰਦੂਸ਼ਣ ਵੱਧਦਾ ਹੈ ਜੋ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਵੱਛਤਾ ਅਪਣਾ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ, ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਇਸ਼ਾਨ ਕੌਸ਼ਲ, ਸਹਾਇਕ ਕਮਿਸ਼ਨਰ (ਜ) ਅਭਿਸ਼ੇਕ ਸ਼ਰਮਾ, ਜ਼ਿਲ੍ਹਾ ਮਾਲ ਅਫਸਰ ਸ਼੍ਰੀ ਸੰਦੀਪ ਸਿੰਘ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਸ਼੍ਰੀ ਗੁਰਵਿੰਦਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਚਨਾਰਥਲ ਦੇ ਚੇਅਰਮੈਨ ਸ਼੍ਰੀ ਰਸ਼ਪਿੰਦਰ ਸਿੰਘ ਰਾਜਾ, ਨਗਰ ਕੌਂਸਲ ਸਰਹਿੰਦ ਦੇ ਕਾਰਜ ਸਾਧਕ ਅਫਸਰ ਸ਼੍ਰੀ ਸੰਗੀਤ ਕੁਮਾਰ, ਸ਼੍ਰੀ ਗੁਰਸਤਿੰਦਰ ਸਿੰਘ ਜੱਲ੍ਹਾ, ਅਮਰਿੰਦਰ ਸਿੰਘ ਮੰਡੋਫਲ, ਸਨੀ ਚੋਪੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਹੁਦੇਦਾਰ, ਵਰਕਰ ਤੇ ਹੋਰ ਅਧਿਕਾਰੀ ਹਾਜਰ ਸਨ।