ਲੁਧਿਆਣਾ : ਲੁਧਿਆਣਾ ਪੁਲਿਸ ਦੀ ਡਰੱਗ ਡਿਸਪੋਜ਼ਲ ਕਮੇਟੀ ਵਲੋਂ 900 ਕਿੱਲੋ ਭੁੱਕੀ, 3 ਕਿੱਲੋਗ੍ਰਾਮ, 850 ਗ੍ਰਾਮ ਅਤੇ 500 ਮਿਲੀਗ੍ਰਾਮ ਹੈਰੋਇਨ ਤੋਂ ਇਲਾਵਾ ਇੱਕ ਕਿੱਲੋ ਗਾਂਜਾ ਅਤੇ 214 ਗ੍ਰਾਮ ਸਮੈਕ ਨਸ਼ਟ ਕੀਤੀ ਹੈ। ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 43 ਮਾਮਲਿਆਂ ਵਿੱਚ 445 ਗ੍ਰਾਮ ਪਾਬੰਦੀਸ਼ੁਦਾ ਪਾਊਡਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਡਰੱਗ ਡਿਸਪੋਜ਼ਲ ਕਮੇਟੀ ਦੀ ਅਗਵਾਈ ਪੁਲਿਸ ਕਮਿਸ਼ਨਰ ਲੁਧਿਆਣਾ ਸ. ਮਨਦੀਪ ਸਿੰਘ ਸਿੱਧੂ, ਡੀ.ਸੀ.ਪੀ. ਸ. ਵਰਿੰਦਰ ਸਿੰਘ ਬਰਾੜ, ਐਡੀਸ਼ਨਲ ਸੁਪਰਡੈਂਟ ਪੁਲਿਸ ਰੁਪਿੰਦਰ ਕੌਰ ਸਰਾਂ ਸਮੇਤ ਹੋਰ ਹਨ। ਪੁਲਿਸ ਕਮਿਸ਼ਨਰ ਸ. ਮਨਦੀਪ ਸਿੰਘ ਸਿੱਧੂ ਨੇ ਪਿਛਲੇ ਨੌਂ ਮਹੀਨਿਆਂ ਦੌਰਾਨ ਨਸ਼ਿਆਂ ਦੀ ਤਸਕਰੀ ਵਿਰੁੱਧ ਚੌਕਸੀ ਹੋਰ ਤੇਜ਼ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀਆਂ ਹਦਾਇਤਾਂ 'ਤੇ ਪੰਜਾਬ ਪੁਲਿਸ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਮਿਸ਼ਨ ਮੋਡ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਅਨਸਰਾਂ ਵੱਲੋਂ ਨੌਜਵਾਨਾਂ ਨੂੰ ਇਸ ਗੈਰ-ਕਾਨੂੰਨੀ ਧੰਦੇ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਉਨ੍ਹਾਂ ਸਮਾਜ ਨੂੰ ਇਸ ਕੌਹੜ ਦੇ ਖਿਲਾਫ ਅਧਿਕਾਰੀਆਂ ਦੀ ਸਰਗਰਮੀ ਨਾਲ ਮਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।