- ਪਰਾਲੀ ਨੂੰ ਨਾ ਲਗਾਈ ਜਾਵੇ ਅੱਗ, ਕੀਤਾ ਜਾਵੇਗਾ ਯੋਗ ਤਰੀਕੇ ਨਾਲ ਨਿਬੇੜਾ
ਫਾਜਿਲਕਾ 19 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁਗਲ ਦੇ ਦਿਸ਼ਾ-ਨਿਰਦੇਸ਼ਾਂ *ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਲਗਾਤਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਵਿਭਾਗੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਪਰਾਲੀ ਨੂੰ ਅੱਗ ਲਗਾ ਕੇ ਖੇਤੀਬਾੜੀ ਸੰਦਾਂ ਰਾਹੀਂ ਜਮੀਨ ਵਿਚ ਵਹਾਉਣ ਜਾਂ ਹੋਰ ਵੱਖ-ਵੱਖ ਤਕਨੀਕਾਂ ਰਾਹੀਂ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਤਾਂ ਜੋ ਜਮੀਨ ਨੂੰ ਖੁਰਾਕੀ ਤੱਤ ਵੀ ਮਿਲਣ ਅਤੇ ਵਾਤਾਵਰਣ ਵੀ ਸਾਫ-ਸੁਥਰਾ ਰਹੇ। ਜਾਗਰੂਕਤਾ ਮੁਹਿੰਮ ਦਾ ਅਸਰ ਜਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ *ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਮੋਹਕਮ ਅਰਾਈਆ ਦੀ ਢਾਣੀ ਜੱਜ ਸਿੰਘ ਦੇ ਨੰਬਰਦਾਰ ਕੁਲਵੰਤ ਸਿੰਘ ਸਿੱਧੂ ਨੇ ਪਰਾਲੀ ਪ੍ਰਬੰਧਨ ਲਈ ਨਿਵੇਕਲਾ ਕਦਮ ਚੁੱਕਿਆ ਗਿਆ। ਉਨ੍ਹਾ ਨੇ ਅਪਣੇ ਤਕਰੀਬਨ 2 ਏਕੜ ਜਮੀਨ ਦੀ ਪਰਾਲੀ ਅਗ ਲਗਾਉਣ ਦੀ ਬਜਾਏ ਪਸ਼ੂ ਪਾਲਕਾਂ ਨੂੰ ਦਿੱਤੀ ਹੈ ਤਾਂ ਜੋ ਇਹ ਪਰਾਲੀ ਉਨ੍ਹਾ ਦੇ ਪਸ਼ੂਆਂ ਦੇ ਕੰਮ ਆ ਸਕੇ। ਵਾਤਾਵਰਣ ਪ੍ਰੇਮੀ ਕੁਲਵੰਤ ਸਿੰਘ ਕਹਿੰਦਾ ਹੈ ਕਿ ਵਾਤਾਵਰਣ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਸਾਡੀ ਸਭ ਦੀ ਭਾਗੀਦਾਰੀ ਬਣਦੀ ਹੈ। ਉਨ੍ਹਾਂ ਆਖਿਆ ਕਿ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਮਾਹੌਲ ਦੇਣ ਲਈ ਸਾਡਾ ਆਲਾ-ਦੁਆਲਾ ਸਾਫ-ਸੁਥਰਾ ਤੇ ਪ੍ਰਦੂਸ਼ਨ ਮੁਕਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੂਸ਼ਿਤ ਹੋਣ ਨਾਲ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਾਂ। ਉਨ੍ਹਾਂ ਨੇ ਖੁੱਲੀ ਪਰਾਲੀ ਹੀ ਪਸ਼ੂ ਮਾਲਕਾਂ ਨੂੰ ਪਹੁੰਚਾਈ। ਉਨ੍ਹਾਂ ਨੇ ਖੇਤੀਬਾੜੀ ਮਹਿਕਮੇ ਨੂੰ ਜਾਣੂ ਕਰਵਾਇਆ ਕਿ ਉਹ ਆਪਣੀ ਬਾਕੀ ਦੀ ਜਮੀਨ ਦੀ ਪਰਾਲੀ ਦੀ ਵੀ ਇਸੇ ਤਰ੍ਹਾਂ ਹੀ ਸਾਂਭ-ਸੰਭਾਲ ਕਰਾਂਗੇ। ਉਨ੍ਹਾਂ ਹੋਰਨਾ ਕਿਸਾਨ ਵੀਰਾਂ ਨੁੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵਿਭਾਗ ਦੇ ਦੱਸੇ ਅਨੁਸਾਰ ਤਰੀਕਿਆਂ ਦੀ ਵਰਤੋਂ ਕਰਕੇ ਪਰਾਲੀ ਦਾ ਨਿਬੇੜਾ ਕਰਨਾ। ਬਲਾਕ ਖੇਤੀਬਾੜੀ ਅਫਸਰ ਜਲਾਲਾਬਾਦ ਹਰਪ੍ਰੀਤਪਾਲ ਕੌਰ ਵੱਲੋ ਅਤੇ ਪਰਵਿੰਦਰ ਸਿੰਘ ਏਡੀਓ ਵੱਲੋਂ ਉਕਤ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਸਗੋਂ ਇਸਦਾ ਯੋਗ ਤਰੀਕੇ ਨਾਲ ਪ੍ਰਬੰਧਨ ਕਰਨ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿਚ ਸਹਿਯੋਗ ਕਰਨ ਦੀ ਸੰਲਾਘਾ ਕੀਤੀ।